ਪੰਜਾਬ ਪੁਲਿਸ ਦੇ ਡੀ.ਜੀ.ਪੀ ਸ: ਇਕਬਾਲ ਪ੍ਰੀਤ ਸਿੰਘ ਸਹੋਤਾ ਨੇ 2015 ਦੇ ਬੇਅਦਬੀ ਮਾਮਲਿਆਂ ਨਾਲ ਸੰਬੰਧਤ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐਸ.ਆਈ.ਟੀ.) ਦਾ ਪੁਨਰਗਠਨ ਕੀਤਾ ਹੈ। ਜਾਣਕਾਰੀ ਅਨੁਸਾਰ ਆਈ.ਜੀ. ਸ:ਸੁਰਿੰਦਰ ਪਾਲ ਸਿੰਘ ਪਰਮਾਰ ਦੀ ਅਗਵਾਈ ਵਾਲੀ ਇਸ ਐਸ.ਆਈ.ਟੀ. ਦੀ ਅਗਵਾਈ ਸ: ਪਰਮਾਰ ਹੀ ਕਰਦੇ ਰਹਿਣਗੇ।
ਇਸ ਟੀਮ ਦੇ ਦੋ ਮੈਬਰਾਂ ਨੂੰ ਵੱਖ ਕਰ ਦਿੱਤਾ ਗਿਆ ਹੈ ਜਦੋਂ ਕਿ ਬਟਾਲਾ ਦੇ ਐਸ.ਐਸ.ਪੀ.ਸ: ਸੁਖਵਿੰਦਰ ਸਿੰਘ ਭੁੱਲਰ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ:ਭੁੱਲਰ ਤੋਂ ਇਲਾਵਾ ਡੀ.ਐਸ.ਪੀ. ਸ: ਲਖ਼ਬੀਰ ਸਿੰਘ ਅਤੇ ਇੰਸਪੈਕਟਰ ਸ: ਦਲਬੀਰ ਸਿੰਘ ਨੂੰ ਇਸ ਐਸ.ਆਈ.ਟੀ. ਵਿੱਚ ਸ਼ਾਮਲ ਕੀਤਾ ਗਿਆ ਹੈ।
ਜਿਹੜੇ ਦੋ ਅਧਿਕਾਰੀ ਵੱਖ ਕੀਤੇ ਗਏ ਹਨ ਉਨ੍ਹਾਂ ਵਿੱਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸ:ਰਜਿੰਦਰ ਸਿੰਘ ਸੋਹਲ ਅਤੇ ਪੀ.ਏ.ਪੀ.ਦੀ 27ਵੀਂ ਬਟਾਲੀਅਨ ਦੇ ਕਮਾਂਡੈਂਟ ਸ: ਉਪਿੰਦਰਜੀਤ ਸਿੰਘ ਘੁੰਮਣ ਸ਼ਾਮਲ ਹਨ।
ਸ: ਪਰਮਾਰ ਦੀ ਅਗਵਾਈ ਵਾਲੀ ਐਸ.ਆਈ.ਟੀ. ਬਾਜਾਖ਼ਾਨਾ ਥਾਣੇ ਵਿੱਚ ਦਰਜ ਤਿੰਨ ਐਫ.ਆਈ.ਆਰ. ਦੀ ਜਾਂਚ ਕਰ ਰਹੀ ਹੈ।
ਪਹਿਲਾ ਕੇਸ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੁਰਜ ਜਵਾਹਰ ਸਿੰਘ ਵਾਲਾ, ਨੇੜੇ ਕੋਟਕਪੂਰ, ਜ਼ਿਲ੍ਹਾ ਫ਼ਰੀਦਕੋਟ ਦੇ ਗੁਰਦੁਆਰੇ ਤੋਂ ਚੋਰੀ ਹੋਣ ਨਾਲ ਸੰਬੰਧਤ ਹੈ।
ਦੂਜਾ ਕੇਸ ਬਰਗਾੜੀ ਵਿੱਚ 25 ਸਤੰਬਰ, 2015 ਨੂੰ ਇਸ ਸੰਬੰਧੀ ਇਤਰਾਜ਼ਯੋਗ ਅਤੇ ਧਮਕੀਭਰਪੂਰ ਪੋਸਟਰ ਲਗਾਏ ਜਾਣ ਨਾਲ ਸੰਬੰਧਤ ਹੈ। ਜਦੋਂ ਕਿ ਤੀਜਾ ਕੇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਹੈ ਜੋ 12 ਅਕਤੂਬਰ, 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਨੇੜੇ ਗੁਰੂ ਗ੍ਰੰਥ ਸਾਹਿਬ ਦੇ ਫ਼ਾੜੇ ਹੋਏ ਅੰਗ ਖ਼ਿਲੇਰ ਕੇ ਬੇਅਦਬੀ ਕੀਤੇ ਜਾਣਨਾਲ ਸੰਬੰਧਤ ਹੈ।