ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨੇਪਾਲ ਦੌਰੇ ‘ਤੇ ਹਨ। ਉਹ ਨੇਪਾਲ ਪਹੁੰਚ ਗਏ ਹਨ। ਉਹ ਗੌਤਮ ਬੁੱਧ ਦੇ ਜਨਮ ਸਥਾਨ ਲੁੰਬਿਨੀ ਦਾ ਦੌਰਾ ਕਰਨਗੇ। ਇਸ ਦੇ ਨਾਲ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਬੁੱਧ ਪੂਰਨਿਮਾ ਦੇ ਮੌਕੇ ‘ਤੇ ਬੁੱਧ ਕਲਚਰ ਐਂਡ ਹੈਰੀਟੇਜ ਸੈਂਟਰ ਦਾ ਨੀਂਹ ਪੱਥਰ ਰੱਖਣ ਲਈ ਆਯੋਜਿਤ ਸਮਾਰੋਹ ‘ਚ ਹਿੱਸਾ ਲੈਣਗੇ।
ਤੈਅ ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਵਿਸ਼ਵ ਵਿਰਾਸਤੀ ਸਥਾਨ ਲੁੰਬਿਨੀ ਵਿਖੇ ਬੁੱਧ ਜਯੰਤੀ ਪ੍ਰੋਗਰਾਮ ‘ਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਬੁੱਧ ਸਰਕਟ ਭਾਈਵਾਲੀ ਅਤੇ ਮਹੱਤਵਪੂਰਨ ਪ੍ਰਾਜੈਕਟਾਂ ਦਾ ਐਲਾਨ ਕਰ ਸਕਦੇ ਹਨ। ਪ੍ਰਸਤਾਵਿਤ ਯੋਜਨਾ ਤਹਿਤ ਭਾਰਤ ਦੀ ਮਦਦ ਨਾਲ ਕੁਸ਼ੀਨਗਰ ਅਤੇ ਲੁੰਬਿਨੀ ਵਿਚਕਾਰ ਰੇਲਵੇ ਲਾਈਨ ਵਿਛਾਈ ਜਾਣੀ ਹੈ। ਨਾਲ ਹੀ ਭਾਰਤੀ ਬੋਧੀ ਸਥਾਨਾਂ ਨੂੰ ਕਪਿਲਵਾਸਤੂ ਅਤੇ ਲੁੰਬਿਨੀ ਨਾਲ ਸੜਕ ਮਾਰਗ ਨਾਲ ਜੋੜਿਆ ਜਾਣਾ ਹੈ। ਇਨ੍ਹਾਂ ਪ੍ਰਾਜੈਕਟਾਂ ‘ਤੇ ਭਾਰਤ ਅਤੇ ਨੇਪਾਲ ਵਿਚਾਲੇ ਗੱਲਬਾਤ ਚੱਲ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਭਗਵਾਨ ਬੁੱਧ ਦੀ ਜਨਮ ਭੂਮੀ ਲੁੰਬਿਨੀ ਤੋਂ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਦੇਣਗੇ। ਇਸ ਮੌਕੇ ਪ੍ਰਧਾਨ ਮੰਤਰੀ ਬੋਧੀ ਤੀਰਥ ਸਥਾਨਾਂ ਨੂੰ ਰੇਲ ਅਤੇ ਸੜਕ ਰਾਹੀਂ ਜੋੜਨ ਦੀ ਯੋਜਨਾ ਦਾ ਐਲਾਨ ਕਰ ਸਕਦੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਦੀ ਨੇਪਾਲ ਯਾਤਰਾ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦੀ ਦਿਸ਼ਾ ‘ਚ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਕਰੀਬ ਚਾਰ ਸਾਲ ਬਾਅਦ ਨੇਪਾਲ ਦੌਰਾ ਕਰ ਰਹੇ ਹਨ।