PSPCL ਨੂੰ 309 ਕਰੋੜ ਰੁਪਏ ਦੀ ਵਾਧੂ ਰਕਮ ਪ੍ਰਾਪਤ ਹੋਈ ਹੈ। ਪਾਵਰਕਾਮ ਦੇ ਸੀ. ਐੱਮ. ਡੀ. ਏ ਵੇਨੂੰ ਪ੍ਰਸਾਦ ਨੇ ਦੱਸਿਆ ਕਿ (ਪੀ. ਐੱਸ. ਪੀ. ਸੀ. ਐੱਲ.) ਨੂੰ ਮੌਜੂਦਾ ਝੋਨੇ ਦੇ ਮੌਸਮ ਦੌਰਾਨ ਪੰਜਾਬ ਸਰਕਾਰ ਤੋਂ 309 ਕਰੋੜ ਰੁਪਏ ਦੀ ਵਾਧੂ ਰਕਮ ਪ੍ਰਾਪਤ ਹੋਈ ਹੈ ਤਾਂ ਜੋ ਸੂਬੇ ’ਚ ਲਗਾਤਾਰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਖੁੱਲ੍ਹੀ ਮੰਡੀ ’ਚੋਂ ਬਿਜਲੀ ਦੀ ਖ਼ਰੀਦ ਕੀਤੀ ਜਾ ਸਕੇ।
ਇਸ ਸੰਬੰਧ ‘ਚ ਉਨ੍ਹਾਂ ਨੇ ਕਿਹਾ ਕਿ 5 ਜੁਲਾਈ ਨੂੰ ਪੀ. ਐੱਸ. ਪੀ. ਸੀ. ਐੱਲ. ਨੇ ਸੂਬੇ ਦੇ ਵੱਖ-ਵੱਖ ਖ਼ਪਤਕਾਰਾਂ ਨੂੰ 3022 ਲੱਖ ਯੂਨਿਟ ਬਿਜਲੀ ਦੀ ਸਪਲਾਈ ਕੀਤੀ ਹੈ, ਜਿਸ ਦੀ ਵੱਧ ਤੋਂ ਵੱਧ ਮੰਗ 13,162 ਮੈਗਾਵਾਟ ਹੈ। ਉਨ੍ਹਾਂ ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਨੇ ਪਾਵਰ ਐਕਸਚੇਂਜ ਤੋਂ 3.98 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1080 ਮੈਗਾਵਾਟ ਬਿਜਲੀ ਖਰੀਦੀ ਹੈ।
ਮਾਨਸਾ ਵਿਖੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਦੂਜੀ ਯੂਨਿਟ ਦੇ ਫੇਲ੍ਹ ਹੋਣ ਕਾਰਨ ਬਿਜਲੀ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਜਲੀ ਦੀ ਪੈਦਾਵਾਰ ਦੇ ਘਾਟੇ ਦੇ ਬਾਵਜੂਦ ਪੀ. ਐੱਸ. ਪੀ. ਸੀ. ਐੱਲ. ਘਰੇਲੂ ਅਤੇ ਖੇਤੀਬਾੜੀ ਖ਼ਪਤਕਾਰਾਂ ਦੀ ਬਿਜਲੀ ਦੀ ਲੋੜ ਨੂੰ ਪੂਰਾ ਕਰਨ ’ਚ ਸਫਲ ਰਹੀ ਹੈ।