ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵਲੋਂ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਜਿਉਂ ਹੀ ਸੋਨੂੰ ਸੂਦ ਆਪਣੇ ਜੱਦੀ ਸ਼ਹਿਰ ਮੋਗਾ ਪੁੱਜੇ ਤਾਂ ਸਿਆਸੀ ਗਲਿਆਰਿਆਂ ਵਿਚ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਅਤੇ ਪਰਿਵਾਰ ਦੇ ਕਿਸੇ ਸਿਆਸੀ ਧਿਰ ਵਿਚ ਸ਼ਾਮਲ ਹੋਣ ਦੀ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ।ਸਾਰਾ ਦਿਨ ਖੁਫ਼ੀਆ ਤੰਤਰ ਵੀ ਉਨ੍ਹਾਂ ਦੇ ਰਾਜਸੀ ਧਿਰ ਦਾ ਹਿੱਸਾ ਬਣਨ ਸੰਬੰਧੀ ਸੂਚਨਾਵਾਂ ਇਕੱਤਰ ਕਰਨ ਵਿਚ ਰੁੱਝਿਆ ਰਿਹਾ।
ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਸੋਨੂੰ ਸੂਦ ਨੇ 14 ਨਵੰਬਰ ਨੂੰ ਸਵੇਰੇ ਆਪਣੇ ਘਰ ਪ੍ਰੈੱਸ ਕਾਨਫਰੰਸ ਸੱਦੀ ਹੈ। ਇਸ ਕਾਨਫਰੰਸ ਵਿਚ ਅਦਾਕਾਰ ਵੱਲੋਂ ਆਪਣੀ ਭਵਿੱਖ ਦੀ ਰਣਨੀਤੀ ਸੰਬੰਧੀ ਦੱਸਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸੋਨੂੰ ਸੂਦ ਨਾਲ ਮੋਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮੀਟਿੰਗ ਕਰ ਕੇ ਉਨ੍ਹਾਂ ਦੇ ਘਰ ਮੂਹਰੇ ਪੁਲਸ ਸੁਰੱਖਿਆ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਬੀਤੇ ਦਿਨ ਖ਼ਬਰ ਇਹ ਫ਼ੈਲ ਰਹੀ ਸੀ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਦਾਕਾਰ ਸੋਨੂੰ ਸੂਦ ਦੇ ਘਰ ਪੁੱਜ ਰਹੇ ਹਨ ਪਰ ਉਹ ਨਹੀਂ ਆਏ।