ਅਮਰੀਕਾ ਅਤੇ ਕੈਨੇਡਾ ਦੋਵੇਂ ਕੁਦਰਤੀ ਮੌਸਮ ਤੋਂ ਕਾਫੀ ਪ੍ਰਭਾਵਿਤ ਹੋਏ ਹਨ। ਕੈਨੇਡਾ ‘ਚ ਬਰਫ਼ਬਾਰੀ ਦੇ ਮੌਸਮ ਦੀ ਸ਼ੁਰੂਆਤ ‘ਚ ਹੀ ਬਰਫੀਲਾ ਤੂਫਾਨ ਸ਼ੁਰੂ ਹੋ ਗਿਆ ਹੈ। ਤਿੰਨ ਦਿਨਾਂ ਤੋਂ ਦੇਸ਼ ਦੇ ਕਈ ਇਲਾਕਿਆਂ ‘ਚ ਰੁੱਕ-ਰੁੱਕ ਕੇ ਬਰਫ਼ਬਾਰੀ ਹੋ ਰਹੀ ਹੈ। ਜਿਸ ਕਾਰਨ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਇਲਾਕਿਆਂ ‘ਚ ਸੜਕਾਂ ‘ਤੇ ਕਾਫ਼ੀ ਬਰਫ ਜਮ੍ਹਾਂ ਹੋ ਗਈ।
ਇਸ ਕਾਰਨ ਕਈ ਥਾਵਾਂ ‘ਤੇ ਪਾਰਾ ਡਿੱਗ ਕੇ ਜ਼ੀਰੋ ਤੋਂ 4 ਡਿਗਰੀ ਤੱਕ ਹੇਠਾਂ ਪਹੁੰਚ ਗਿਆ ਹੈ। ਬ੍ਰਿਟਿਸ਼ ਕੋਲੰਬੀਆ ਦੇ ਕਈ ਜ਼ਿਲ੍ਹਿਆਂ ‘ਚ 15 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ, ਜਿਸ ਤੋਂ ਬਾਅਦ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ‘ਚ ਬਰਫ਼ਬਾਰੀ ਦੀ ਰਫਤਾਰ ਵੱਧ ਸਕਦੀ ਹੈ। ਇਸ ਕਾਰਨ ਪਾਰਾ ਹੋਰ ਡਿੱਗ ਜਾਵੇਗਾ।
ਭਾਰੀ ਮੀਂਹ ਕਾਰਨ ਅਮਰੀਕਾ ਦੇ ਉੱਤਰ-ਪੱਛਮੀ ਵਾਸ਼ਿੰਗਟਨ ਸੂਬੇ ਵਿਚ ਕੁੱਝ ਹਿੱਸਿਆਂ ‘ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਨਦੀਆਂ ਵਿਚ ਪਾਣੀ ਭਰ ਗਿਆ ਹੈ। ਇਹ ਹੜ੍ਹ ਪ੍ਰਸ਼ਾਂਤ ਖੇਤਰ ਤੋਂ ਭਾਰੀ ਮੀਂਹ ਦੇ ਨਤੀਜੇ ਵਜੋਂ ਆਇਆ ਹੈ। ਸਥਿਤੀ ਨੂੰ ਦੇਖਦੇ ਹੋਏ ਸੁਮਾਸ ਅਤੇ ਐਵਰਸਨ ਦੇ ਛੋਟੇ ਭਾਈਚਾਰਿਆਂ ਦੇ ਲੋਕਾਂ ਨੂੰ ਸੋਮਵਾਰ ਰਾਤ ਨੂੰ ਘਰ ਖਾਲੀ ਕਰਨ ਲਈ ਕਿਹਾ ਗਿਆ।
ਇਨ੍ਹਾਂ ਸ਼ਹਿਰਾਂ ਵਿੱਚ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ 500 ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਦੋਹਾਂ ਸ਼ਹਿਰਾਂ ਵਿੱਚ ਹੜ੍ਹ ਕਾਰਨ 400 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਮੌਸਮ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ‘ਚ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।