ਯੂਕਰੇਨ ਵਿਖੇ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਬਰਨਾਲਾ ਦੇ ਚੰਦਨ ਜਿੰਦਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਦੀ ਮ੍ਰਿਤਕ ਦੇਹ ਲਈ ਉਸਦਾ ਪਰਿਵਾਰ ਜੱਦੋ-ਜਹਿਦ ਕਰ ਰਿਹਾ ਹੈ। ਮੰਗਲਵਾਰ ਸਵੇਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਦਨ ਜਿੰਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਘਰ ਬਰਨਾਲਾ ਵਿਖੇ ਪੁੱਜੇ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਮ੍ਰਿਤਕ ਦੇ ਪਿਤਾ ਡਾਕਟਰ ਫਾਰਮੇਸੀ ਅਫ਼ਸਰ ਸ਼ੀਸ਼ਨ ਜਿੰਦਲ ਨਾਲ ਦੁੱਖ ਸਾਂਝਾ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਦਿਆਰਥੀ ਚੰਦਨ ਜਿੰਦਲ ਦੀ ਮੌਤ ‘ਤੇ ਪਰਿਵਾਰ ਅਤੇ ਬਰਨਾਲਾ ਸ਼ਹਿਰ ਲਈ ਵੱਡਾ ਘਾਟਾ ਇਹ ਪਿਆ ਹੈ, ਕਿ ਬਰਨਾਲਾ ਸ਼ਹਿਰ ਇਕ ਡਾਕਟਰ ਤੋਂ ਵਾਂਝੇ ਹੋ ਗਿਆ ਹੈ।
ਚੰਦਨ ਜਿੰਦਲ ਨੇ ਯੂਕਰੇਨ ਤੋਂ ਡਾਕਟਰੀ ਦਾ ਕੋਰਸ ਪੂਰਾ ਕਰਕੇ ਬਰਨਾਲਾ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨੀ ਸੀ। ਇਸ ਮੌਕੇ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹ ਬੀਤੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ 997 ਵਿਦਿਆਰਥੀ ਯੂਕ੍ਰੇਨ ‘ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਸਨ। ਜਿਨ੍ਹਾਂ ਚੋਂ ਚਾਰ 442 ਬੱਚੇ ਪੰਜਾਬ ਵਾਪਸ ਆ ਚੁੱਕੇ ਹਨ ਤੇ ਬਾਕੀਆਂ ਨੂੰ ਵਾਪਸ ਲਿਆਉਣ ਲਈ ਉਹ ਜਦੋ ਜਹਿਦ ਕਰਦਿਆਂ ਯਤਨ ਕਰ ਰਹੇ ਹਨ।
ਪਰਿਵਾਰ ਵੱਲੋਂ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਲਈ ਕੀਤੀ ਮੰਗ ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਲਿਆਉਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ। ਜਲਦੀ ਹੀ ਚੰਦਨ ਜਿੰਦਲ ਦੀ ਮ੍ਰਿਤਕ ਦੇਹ ਬਰਨਾਲਾ ਪਹੁੰਚੇਗੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਬਾਂਸਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਧੀਰਜ ਦੱਧਾਹੁੂਰੀਆ ਅਤੇ ਭਾਜਪਾ ਆਗੂ ਤੇ ਪਰਿਵਾਰਕ ਮੈਂਬਰ ਨੀਰਜ ਜਿੰਦਲ ਸਣੇ ਬਰਨਾਲਾ ਸ਼ਹਿਰ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਵੱਖ – ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜਿੰਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਹਾਜ਼ਰ ਸਨ।