ਈਦ ਉਲ-ਅੱਧਾ (ਬਕਰੀਦ) ਮੁਸਲਿਮ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਅੱਜ ਇਹ ਪਵਿੱਤਰ ਤਿਉਹਾਰ ਹੈ। ਸਾਰੇ ਮੁਸਲਿਮ ਭਾਈਚਾਰੇ ਦੁਆਰਾ ਇਹ ਤਿਉਹਾਰ ਹਰ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਨਬੀ ਇਬਰਾਹਿਮ ਦੇ ਆਪਣੇ ਪੁੱਤਰ ਦੀ ਕੁਰਬਾਨੀ ਕਰਨ ਦੀ ਇੱਛਾ ਨੂੰ ਯਾਦ ਕਰਵਾਉਂਦਾ ਹੈ। ਜਦੋਂ ਉਹ ਆਪਣੇ ਪੁੱਤਰ ਦੀ ਕੁਰਬਾਨੀ ਕਰਨ ਲਈ ਤਿਆਰ ਹੋ ਗਏ ਸਨ। ਨਬੀ ਅੱਲਾ ਦੇ ਹੁਕਮ ਦੀ ਪਾਲਣਾ ਕਰਨ ਲਈ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਲਈ ਰਾਜ਼ੀ ਹੋ ਗਏ ਸਨ।
ਈਦ ਕਿਵੇਂ ਮਨਾਈ ਜਾਂਦੀ ਹੈ?
ਮੁਸਲਨਮਾਨ ਭਾਈਚਾਰੇ ‘ਚ ਇਸ ਤਿਉਹਾਰ ਨੂੰ ਮਨਾਉਣ ਲਈ ਬਹੁਤ ਸਾਰੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਇਸ ਲਈ ਕੁੱਝ ਲੋਕ ਬੱਕਰਿਆਂ ਦੀ ਖਰੀਦ ਕੁੱਝ ਦਿਨ ਪਹਿਲਾਂ ਕਰ ਲੈਂਦੇ ਹਨ ਤੇ ਕੁੱਝ ਲੋਕ ਉਸੇ ਦਿਨ ਬੱਕਰਾ ਖਰੀਦ ਕੇ ਲਿਆਉਂਦੇ ਹਨ।ਉਹ ਇਸ ਦਿਨ ਬੱਕਰੇ ਦੀ ਕੁਰਬਾਨੀ ਦਿੰਦੇ ਹਨ। ਨਮਾਜ਼ ਅਦਾ ਕਰਨ ਤੋਂ ਬਾਅਦ ਕੁਰਬਾਨੀ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਫਿਰ ਕੁਰਬਾਨੀ ਦਾ ਮੀਟ ਪਰਿਵਾਰ, ਦੋਸਤਾਂ ਅਤੇ ਗਰੀਬਾਂ ਵਿੱਚ ਬਰਾਬਰ ਵੰਡਿਆ ਜਾਂਦਾ ਹੈ। ਇਹ ਤਿਉਹਾਰ ਤਿੰਨ ਦਿਨਾਂ ਤੱਕ ਚੱਲਦਾ ਰਹਿੰਦਾ ਹੈ।
ਮੁਸਲਮਾਨ ਭਾਈਚਾਰੇ ਦੁਆਰਾ ਨਮਾਜ਼ ਅਦਾ ਕੀਤੀ ਜਾਂਦੀ ਹੈ। ਇਸ ਦਿਨ ਉਹ ਨਵੇਂ ਕੱਪੜੇ ਪਾਉਂਦੇ ਹਨ। ਇਸ ਦੇ ਨਾਲ ਹੀ ਉਹ ਇਸ ਦਿਨ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਸਾਰੀਆਂ ਬਰਕਤਾਂ ਲਈ ਅੱਲ੍ਹਾ ਦਾ ਧੰਨਵਾਦ ਕਰਦੇ ਹਨ। ਇਹ ਉਹ ਸਮਾਂ ਹੁੰਦਾ ਹੈ ਜਦੋਂ ਉਹ ਪਰਿਵਾਰ ਅਤੇ ਦੋਸਤਾਂ ਨੂੰ ਮਿਲਣ ਜਾਂਦੇ ਹਨ। ਉਹ ਇੱਕ ਦੂਜੇ ਨੂੰ ਮੁਬਾਰਕਬਾਦ ਵੀ ਦਿੰਦੇ ਹਨ। ਇਸ ਦਿਨ ਮੁਸਲਿਮ ਭਾਈਚਾਰੇ ‘ਚ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ।
ਹੱਜ
ਮੁਸਲਮਾਨ ਹੱਜ ਦੇ ਆਖਰੀ ਦਿਨ ਈਦ-ਉਲ-ਅਦਾ ਤਿਉਹਾਰ ਮਨਾਉਂਦੇ ਹਨ। ਹੱਜ ਲਈ ਉਹ ਅਰਬ ਵਿਚ ਮੱਕੇ ਦੀ ਯਾਤਰਾ ਕਰਦੇ ਹਨ। ਹਰ ਸਾਲ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਲੋਕ ਪਵਿੱਤਰ ਸਥਾਨ ਮੱਕੇ ਦੀ ਯਾਤਰਾ ਕਰਦੇ ਹਨ। ਸਾਰੇ ਮੁਸਲਮਾਨ ਜੋ ਤੰਦਰੁਸਤ ਅਤੇ ਯਾਤਰਾ ਕਰਨ ਦੇ ਯੋਗ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਘੱਟੋ ਘੱਟ ਇੱਕ ਵਾਰ ਪਵਿੱਤਰ ਸਥਾਨ ਮੱਕੇ ਜਰੂਰ ਜਾਣਾ ਚਾਹੀਦਾ ਹੈ। ਹੱਜ ਦੇ ਦੌਰਾਨ ਮੁਸਲਿਮ ਭਾਈਚਾਰੇ ਦੁਆਰਾ ਅੱਲ੍ਹਾ ਦੀ ਬੰਦਗੀ ਕੀਤੀ ਜਾਂਦੀ ਹੈ। ਉਹ ਨਮਾਜ਼ ਅਦਾ ਕਰਦੇ ਹਨ।