ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਇਕ ਵਾਰ ਮੁੜ ਮੁਹੱਬਤ ਦੀ ਅਜਿਹੀ ਕਹਾਣੀ ਲੈ ਕੇ ਆ ਰਹੇ ਹਨ, ਜੋ ਤੁਹਾਨੂੰ ਰੁਲਾ ਦੇਵੇਗੀ ਪਰ ਅਜਿਹਾ ਉਹ ਫ਼ਿਲਮ ਰਾਹੀਂ ਨਹੀਂ, ਸਗੋਂ ਇਕ ਗਾਣੇ ਰਾਹੀਂ ਕਰਨ ਵਾਲੇ ਹਨ। ਉਨ੍ਹਾਂ ਦਾ ਡੈਬਿਊ ਗਾਣਾ ‘ਫਿਲਹਾਲ’ ਸੁਪਰਹਿੱਟ ਰਿਹਾ ਸੀ ਤੇ ਹੁਣ ‘ਫਿਲਹਾਲ 2’ ਵੀ ਜਲਦ ਰਿਲੀਜ਼ ਹੋਣ ਵਾਲਾ ਹੈ। ਅੱਜ ‘ਫਿਲਹਾਲ 2 ਮੁਹੱਬਤ’ ਦਾ ਟੀਜ਼ਰ ਰਿਲੀਜ਼ ਹੋਇਆ ਹੈ।
ਇਸ ਸੰਬੰਧ ‘ਚ ਮੇਕਰਜ਼ ਨੇ ਦਾਅਵਾ ਕੀਤਾ ਹੈ ਕਿ ਜੇਕਰ ‘ਫਿਲਹਾਲ’ ਨੇ ਤੁਹਾਡੇ ਦਿਲ ਨੂੰ ਛੂਹ ਲਿਆ ਸੀ ਤਾਂ ‘ਫਿਲਹਾਲ 2’ ਤੁਹਾਨੂੰ ਰੁਲਾ ਦੇਵੇਗਾ। ਇਸ ’ਚ ਅਕਸ਼ੇ ਕੁਮਾਰ ਨਾਲ ਨੁਪੂਰ ਸੈਨਨ ਹੈ। ਟੀਜ਼ਰ ਦੇਖ ਕੇ ਲੱਗ ਰਿਹਾ ਹੈ ਕਿ ਵਾਕਈ ਇਸ ਵਾਰ ਵੀ ਇਹ ਜੋੜੀ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਛਾ ਜਾਵੇਗੀ। ਇਸ ਤੋਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਗਾਣਾ ਲੋਕਾਂ ਨੂੰ ਬਹੁਤ ਪਸੰਦ ਆਉਣ ਵਾਲਾ ਹੋਵੇਗਾ।
ਜੋ ਕਹਾਣੀ ਤੁਸੀਂ ਪਿਛਲੇ ਗਾਣੇ’ਚ ਦੇਖੀ ਸੀ, ਹੁਣ ਉਸ ਤੋਂ ਅੱਗੇ ਦੀ ਕਹਾਣੀ ਦੇਖਣ ਨੂੰ ਮਿਲੇਗੀ। ਇਸ ’ਚ ਅਕਸ਼ੇ ਕੁਮਾਰ ਨੇ ਡਾਕਟਰ ਕਬੀਰ ਮਲਹੋਤਰਾ ਤੇ ਨੁਪੂਰ ਸੈਨਨ ਨੇ ਮਿਹਰ ਅਗਰਵਾਲ ਦਾ ਕਿਰਦਾਰ ਨਿਭਾਇਆ ਹੈ। ਇਸ ਗੀਤ ਨੂੰ ਬੀ ਪਰਾਕ ਨੇ ਆਪਣੀ ਆਵਾਜ਼ ਦਿੱਤੀ ਹੈ ਤੇ ਅਰਵਿੰਦਰ ਖਹਿਰਾ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਇਸ ਗਾਣੇ ਦੇ ਬੋਲ ਜਾਨੀ ਵਲੋਂ ਲਿਖੇ ਗਏ ਹਨ। ਇਹ ਗਾਣਾ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।