ਦੱਖਣੀ ਫਲੋਰਿਡਾ ਦੇ ਮਿਆਮੀ ਨੇੜੇ ਸ਼ਨੀਵਾਰ ਨੂੰ 12 ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਘਟਨਾ ‘ਚ 156 ਲੋਕ ਲਾਪਤਾ ਹਨ । ਬਚਾਅ ਕਰਤਾ ਅੱਗ ਦੇ ਮਲਬੇ ਅਤੇ ਇਸ ਵਿੱਚੋਂ ਨਿਕਲ ਰਹੇ ਧੂੰਏਂ ਦੇ ਵਿੱਚੋਂ ਜ਼ਿੰਦਾ ਲੋਕਾਂ ਦੀ ਭਾਲ ਕਰ ਰਹੇ ਹਨ ।
ਮਿਆਮੀ-ਡਾਡੇ ਦੀ ਮੇਅਰ ਡੇਨਿਲਾ ਲੇਵਿਨੇ ਕਾਵਾ ਨੇ ਦੱਸਿਆ ਕਿ ਮਲਬੇ ਤੋਂ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 156 ਲੋਕ ਅਜੇ ਵੀ ਲਾਪਤਾ ਹਨ ।“ ਉਨ੍ਹਾਂ ਨੇ ਕਿਹਾ ਕਿ ਸਾਡੀ ਮੁੱਖ ਪਹਿਲ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨਾ ਹੈ, ਤਾਂ ਜੋ ਉਨ੍ਹਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ, ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ।”
ਇਸ ਤੋਂ ਪਹਿਲਾਂ ਉਨ੍ਹਾਂ ਨੇ ਦੱਸਿਆ ਸੀ ਕਿ ਮਲਬੇ ਵਿੱਚ ਲੱਗੀ ਅੱਗ ਦੀਆਂ ਲਾਟਾਂ ਬਹੁਤ ਤੇਜ਼ ਹਨ, ਜਿਸ ਕਾਰਨ ਬਚਾਅ ਕਾਰਜ ਬਹੁਤ ਮੁਸ਼ਕਿਲ ਹੋ ਰਿਹਾ ਹੈ । ਇੱਕ ਕ੍ਰੇਨ ਨੇ ਸਰਫਸਾਈਡ ਸ਼ਹਿਰ ਵਿੱਚ 30 ਫੁੱਟ ਢੇਰ ਤੋਂ ਮਲਬੇ ਦੇ ਟੁਕੜਿਆਂ ਨੂੰ ਹਟਾ ਦਿੱਤਾ ਅਤੇ ਬਚਾਅ ਦਲ ਨੇ ਮਲਬੇ ਨੂੰ ਹਟਾਉਣ ਲਈ ਵੱਡੀਆਂ ਮਸ਼ੀਨਾਂ, ਡਰੋਨ ਅਤੇ ਮਾਈਕ੍ਰੋਫੋਨ ਸਣੇ ਕਈ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਵੀ ਇਸ ਘਟਨਾ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਫਲੋਰਿਡਾ ਦੇ ਰਾਜਪਾਲ ਰੋਨ ਡੋਸਾਂਟਿਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ । ਉਨ੍ਹਾਂ ਨੇ ਇਸ ਘਟਨਾ ‘ਤੇ ਅਫਸੋਸ ਪ੍ਰਗਟ ਕੀਤਾ ਹੈ ।