ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪੰਜ ਪਿਆਰਿਆਂ ਵਾਲੇ ਬਿਆਨ ‘ਤੇ ਮਾਫੀ ਮੰਗ ਲਈ ਹੈ। ਹਰੀਸ਼ ਰਾਵਤ ਨੇ ਚੰਡੀਗੜ੍ਹ ਵਿੱਚ ਬੋਲਦਿਆਂ ਕਾਂਗਰਸ ਦੇ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਾਂ ਨੂੰ ਪੰਜ ਪਿਆਰੇ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੂੰ ਮਿਲਣਾ ਮੇਰੀ ਜ਼ਿੰਮੇਵਾਰੀ ਸੀ ਜਾਂ ਮੈਂ ਪੰਜ ਪਿਆਰੇ ਕਹਾਗਾਂ। ਬੀਤੇ ਇਸ ਬਿਆਨ ਤੋਂ ਬਾਅਦ ਸੂਬੇ ‘ਚ ਸਿਆਸੀ ਭੁਚਾਲ ਆ ਗਿਆ।
ਇਸ ਨਾਲ ਅਕਾਲੀ ਦਲ ਦੇ ਆਗੂ ਗੁੱਸੇ ਵਿੱਚ ਆ ਗਏ। ਅਕਾਲੀ ਆਗੂਆਂ ਨੇ ਕਿਹਾ ਕਿ ਰਾਵਤ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇਸ ਬਿਆਨ ‘ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਹਰੀਸ਼ ਰਾਵਤ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾ ਕੇ ਮਾਫੀ ਮੰਗੀ ਹੈ।
ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦੇ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਨੇ ਕਿਹਾ, ‘ਪੀਸੀਸੀ ਮੁਖੀ ਤੇ ਉਨ੍ਹਾਂ ਦੀ ਟੀਮ ਤੇ ਸਾਡੇ ਪੰਜ ਪਿਆਰਿਆਂ ਨਾਲ ਚਰਚਾ ਕਰਨਾ ਮੇਰੀ ਜ਼ਿੰਮੇਵਾਰੀ ਸੀ। ਸਿੱਧੂ ਨੇ ਮੈਨੂੰ ਦੱਸਿਆ ਕਿ ਚੋਣਾਂ ਤੇ ਸੰਗਠਨਾਤਮਕ ਢਾਂਚੇ ‘ਤੇ ਚਰਚਾ ਤੇਜ਼ ਕਰ ਦਿੱਤੀ ਜਾਵੇਗੀ। ਬੇਫਿਕਰ ਰਹੋ ਪੀਸੀਸੀ ਕੰਮ ਕਰ ਰਹੀ ਹੈ।’ ਹਰੀਸ਼ ਰਵਾਤ ਨੇ ਕਿਹਾ, ‘ਜਿੱਥੋਂ ਤਕ ਮੈਨੂੰ ਪਤਾ ਹੈ, ਨਵਜੋਤ ਸਿੰਘ ਸਿੱਧੂ ਪਹਿਲੇ ਅਜਿਹੇ ਪ੍ਰਧਾਨ ਹਨ। ਜਿੰਨ੍ਹਾਂ ਨੇ ਸੰਗਠਨਾਂ ਤੇ ਹੋਰ ਲੋਕਾਂ ਦੇ ਨਾਲ ਬੈਠਕਾਂ ਕਰਕੇ ਇਹ ਪਤਾ ਲਾਇਆ ਹੈ ਕਿ ਉਹ ਆਪਣੇ ਕੰਮਾਂ ‘ਚ ਕਿੱਥੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਤੇ ਇਨ੍ਹਾਂ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਚੋਣਾਂ ਆ ਰਹੀਆਂ ਹਨ, ਇਸ ਤੇ ਕੁਝ ਕਮੇਟੀਆਂ ਬਣਾਉਣੀਆਂ ਹਨ। ਇਸ ‘ਤੇ ਚਰਚਾ ਲਈ ਪੀਸੀਸੀ ਮੁਖੀ ਤੇ ਉਨ੍ਹਾਂ ਦੀ ਟੀਮ ਨਾਲ ਮਿਲਣਾ ਮੇਰਾ ਫਰਜ਼ ਸੀ। ਮੈਂ ਸਿੱਧੂ ਜੀ ਦਾ ਸ਼ੁਕਰਗੁਜ਼ਾਰ ਹਾਂ। ਉਨ੍ਹਾਂ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਕਰੀਬ ਸਾਰੀਆਂ ਪ੍ਰਕਿਰਿਆਵਾਂ ਤੇਜ਼ ਕਰ ਦੇਣਗੇ।’ ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਤੋਂ ਹਰੀਸ਼ ਰਾਵਤ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਚੀਮਾ ਨੇ ਹਰੀਸ਼ ਰਾਵਤ ਦੇ ਪੰਜ ਪਿਆਰੇ ਵਾਲੇ ਬਿਆਨ ਨੂੰ ਕੇਸ ਦਰਜ ਦੀ ਮੰਗ ਕੀਤੀ ਹੈ।
ਦਰਅਸਲ, ਮੰਗਲਵਾਰ ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਰਾਵਤ ਨੇ ਇਨ੍ਹਾਂ ਪੰਜ ਲੀਡਰਾਂ ਲਈ ਪੰਜ ਪਿਆਰੇ ਸ਼ਬਦ ਦਾ ਇਸਤੇਮਾਲ ਕੀਤਾ। ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦਲਜੀਤ ਚੀਮਾ ਨੇ ਕਿਹਾ, ‘ਮੈਂ ਪੰਜਾਬ ਸਰਕਾਰ ਤੋਂ ਕਾਂਗਰਸ ਦੇ ਹਰੀਸ਼ ਰਾਵਤ ਖਿਲਾਫ ਪੀਸੀਸੀ ਮੁਖੀ ਤੇ ਉਨ੍ਹਾਂ ਦੀ ਟੀਮ ਨੂੰ ਪੰਜ ਪਿਆਰੇ ਕਹਿ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਮਲਾ ਦਰਜ ਕਰਨ ਦੀ ਅਪੀਲ ਕਰਦਾ ਹਾਂ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜ ਪਿਆਰਿਆਂ ਦਾ ਸਿੱਖ ਧਰਮ ‘ਚ ਮਹੱਤਵ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਟਿੱਪਣੀ ਲਈ ਮਾਫੀ ਮੰਗਣੀ ਚਾਹੀਦੀ ਹੈ। ਇਹ ਕੋਈ ਮਜਾਕ ਨਹੀਂ ਹੈ।’








