ਪੰਜਾਬ ਵਿਧਾਨ ਸਭਾ ਦੇ ਰਹਿੰਦੇ ਮੌਨਸੂਨ ਇਜਲਾਸ ਨੂੰ ਤੁਰੰਤ ਸੱਦਣ ਮੁੱਖ ਮੰਤਰੀ ਚੰਨੀ : ਹਰਪਾਲ ਸਿੰਘ ਚੀਮਾ

0
44

ਸਾਰੇ ਰਹਿੰਦੇ ਅਤੇ ਲੋਕ ਹਿਤੈਸ਼ੀ ਮੁਦਿਆਂ ‘ਤੇ ਚਰਚਾ ਲਈ 15 ਦਿਨਾਂ ਦੇ ਇਜਲਾਸ ਦੇ ਸਿੱਧੇ ਪ੍ਰਸਾਰਨ ਦੀ ਮੰਗ ਦੁਹਰਾਈ

ਕਿਸਾਨਾਂ ਦੇ ਮੁੱਦਿਆਂ ਲਈ ਦੋ ਦਿਨ ਵਿਸ਼ੇਸ਼ ਰੱਖ ਕੇ ਬਿਜਲੀ ਸਮਝੌਤੇ ਰੱਦ ਕੀਤੇ ਜਾਣ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਸਾਰੇ ਰਹਿੰਦੇ ਅਤੇ ਲੋਕ ਹਿਤੈਸ਼ੀ ਮੁਦਿਆਂ ਬਾਰੇ ਪੰਜਾਬ ਦੇ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਤੋਂ ਵਿਧਾਨ ਸਭਾ ਦਾ ਰਹਿੰਦਾ ਮੌਨਸੂਨ ਇਜਲਾਸ ਤੁਰੰਤ ਸੱਦਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਲੋਕਾਂ ਨਾਲ ਜੁੜੇ ਮੁਦਿਆਂ ‘ਤੇ ਨਿਰਣਾਇਕ ਚਰਚਾ ਲਈ ਪੰਜਾਬ ਵਿਧਾਨ ਸਭਾ ਦਾ 15 ਦਿਨਾਂ ਦਾ ਇਜਲਾਸ ਸੱਦਿਆ ਜਾਣਾ ਚਾਹੀਦਾ ਹੈ। ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 3 ਸਤੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਸੀ, ਜਿਸ ਨੂੰ ਤਕਨੀਕੀ ਜਾਂ ਸੰਵਿਧਾਨਕ ਤੌਰ ‘ਤੇ ਮੌਨਸੂਨ ਇਜਲਾਸ ਨਾਲ ਨਹੀਂ ਜੋੜਿਆ ਜਾ ਸਕਦਾ।

ਇਸ ਦਿਨ ਵਿਸ਼ੇਸ਼ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਬਿਜਨਸ ਐਡਵਾਇਜ਼ਰੀ ਕਮੇਟੀ (ਬੀ.ਏ.ਸੀ) ਦੀ ਬੈਠਕ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵਿਸ਼ਵਾਸ਼ ਦਿਵਾਇਆ ਸੀ ਕਿ 15-20 ਦਿਨਾਂ ਵਿੱਚ ਇਜਲਾਸ ਫਿਰ ਤੋਂ ਬੁਲਾਇਆ ਜਾਵੇਗਾ, ਜਿਸ ਵਿੱਚ ਸਾਰੇ ਰਹਿੰਦੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਪਰ 20 ਦਿਨਾਂ ਤੋਂ ਜ਼ਿਆਦਾ ਦਿਨ ਬੀਤ ਜਾਣ ਬਾਅਦ ਵੀ ਇਜਲਾਸ ਨਹੀਂ ਬੁਲਾਇਆ ਗਿਆ। ਇਸ ਲਈ ਸਰਕਾਰ ਨੂੰ ਤੁਰੰਤ 15 ਦਿਨਾਂ ਦਾ ਇਜਲਾਸ ਬੁਲਾਉਣਾ ਚਾਹੀਦਾ ਹੈ।

ਚੀਮਾ ਨੇ ਕਿਹਾ, ”ਉਦਯੋਗ ਬਾਹਰ ਜਾ ਰਹੇ ਹਨ, ਨਕਲੀ ਦਵਾਈਆਂ ਨਾਲ ਫ਼ਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਖਾਦ ਦੀਆਂ ਵਧਦੀਆਂ ਕੀਮਤਾਂ ਸਮੇਤ ਬਹੁਤ ਸਾਰੇ ਮੁਦੇ ਹਨ। ਇਨਾਂ ਸਾਰੇ ਮੁਦਿਆਂ ਨੂੰ ਹੱਲ ਕਰਨ ਲਈ ਸਾਂਝੀ ਵਿਚਾਰ ਚਰਚਾ ਲਈ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾਣਾ ਚਾਹੀਦਾ ਹੈ।” ਉਨਾਂ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਅਤੇ ਖੇਤੀ ਸੰਕਟ ਦੇ ਸਦੀਵੀ ਹੱਲ ਲਈ ਵਿਸ਼ੇਸ਼ ਤੌਰ ‘ਤੇ ਦੋ ਦਿਨ ਰਾਖਵੇਂ ਕੀਤੇ ਜਾਣੇ ਚਾਹੀਦੇ ਹਨ। ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਕਿ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਅਤੇ ਬਿਜਲੀ ਮਾਫ਼ੀਆ ਤੋਂ ਬਚਾਉਣ ਲਈ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ (ਪੀਪੀਏ) ਇਸ ਇਜਲਾਸ ਦੌਰਾਨ ਰੱਦ ਕੀਤੇ ਜਾਣੇ ਚਾਹੀਦੇ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਵਿਧਾਨ ਸਭਾ ਵਿੱਚ ਕਿਸਾਨਾਂ, ਮਜ਼ਦੂਰਾਂ, ਵਾਪਾਰੀਆਂ, ਕਰਮਚਾਰੀਆਂ ਅਤੇ ਬੇਰੋਜ਼ਗਾਰਾਂ ਨਾਲ ਜੁੜੇ ਮੁਦਿਆਂ ‘ਤੇ ਚਰਚਾ ਕਰਾਉਣ ਦੀ ਜ਼ਰੂਰਤ ਹੈ, ਕਿਉਂਕਿ ਇਹ ਰਹਿੰਦਾ ਮੌਨਸੂਨ ਇਜਲਾਸ ਮੌਜ਼ੂਦਾ ਸਰਕਾਰ ਦਾ ਆਖ਼ਰੀ ਇਜਲਾਸ ਹੋਵੇਗਾ। ਉਨਾਂ ਅੱਗੇ ਕਿਹਾ ਕਿ ਇਸ ਇਜਲਾਸ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਨ ਕੀਤਾ ਜਾਣਾ ਚਾਹੀਦਾ ਹੈ ਅਤੇ ਪ੍ਰੈਸ ਨੂੰ ਵਿਧਾਨ ਸਭਾ ਦੇ ਅਹਾਤੇ ਵਿੱਚ ਆਉਣ ਦੀ ਆਗਿਆ ਦੇਣੀ ਚਾਹੀਦੀ ਹੈ। ਪਿਛਲੇ ਲੰਮੇਂ ਸਮੇਂ ਤੋਂ ਪੱਤਰਕਾਰਾਂ ਨੂੰ ਕੋਵਿਡ ਨਿਯਮਾਂ ਦਾ ਹਵਾਲਾ ਦੇ ਕੇ ਵਿਧਾਨ ਸਭਾ ਦੇ ਅਹਾਤੇ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿੱਚ ਉਨਾਂ ਦੇ ਕਾਰਜਕਾਲ ਦੀ ਯਾਦ ਦਿਵਾਉਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ,”ਜਦੋਂ ਚੰਨੀ ਵਿਰੋਧੀ ਧਿਰ ਦੇ ਨੇਤਾ ਸਨ, ਤਾਂ ਉਹ ਖ਼ੁਦ ਤਤਕਾਲੀ ਬਾਦਲ ਸਰਕਾਰ ਤੋਂ ਲੰਮੇ ਇਜਲਾਸ ਦੀ ਮੰਗ ਕਰਿਆ ਕਰਦੇ ਸਨ। ਇਸ ਲਈ ਉਨਾਂ ਨੂੰ ਵੀ ਰਹਿੰਦੇ ਮੌਨਸੂਨ ਇਜਲਾਸ ਨੂੰ ਘੱਟ ਤੋਂ ਘੱਟ 15 ਦਿਨ ਲਈ ਬੁਲਾਉਣਾ ਚਾਹੀਦਾ ਹੈ।” ਆਪ ਆਗੂ ਨੇ ਕਿਹਾ ਪੰਜਾਬ ਅਤੇ ਪੰਜਾਬ ਵਾਸੀ ਪ੍ਰੇਸ਼ਾਨ ਹਨ ਕਿਉਂਕਿ ਸੂਬੇ ਵਿੱਚ ਮਾਫੀਆ ਰਾਜ ਸਿਖ਼ਰ ‘ਤੇ ਹੈ ਅਤੇ ਨੌਜਵਾਨ ਨਸ਼ਿਆਂ ਦੇ ਜਾਲ ਵਿੱਚ ਫਸੇ ਹੋਏ ਹਨ।

LEAVE A REPLY

Please enter your comment!
Please enter your name here