ਪੰਜਾਬ ’ਚ ਹੋ ਰਹੀਆਂ ਅੱਜ 117 ਸੀਟਾਂ ’ਤੇ ਵਿਧਾਨ ਸਭਾ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪੰਜਾਬ ਭਰ ‘ਚ ਅੱਜ ਵੋਟਿੰਗ ਹੋ ਰਹੀ ਹੈ। ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਥਾਵਾਂ ਤੋਂ ਈ. ਵੀ. ਐੱਮ. ਦੀਆਂ ਮਸ਼ੀਨਾਂ ਖ਼ਰਾਬ ਹੋਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਇਸੇ ਤਹਿਤ ਜਲੰਧਰ ਦੇ ਬਸਤੀ ਨੌ ’ਚ ਬਣਾਏ ਗਏ ਬੂਥ ਨੰਬਰ 106 ਵਿਚ ਵੋਟਿੰਗ ਦੀ ਸ਼ੁਰੂਆਤ ਹੁੰਦੇ ਸਾਰ ਹੀ ਈ. ਵੀ. ਐੱਮ. ਦੀ ਮਸ਼ੀਨ ਖ਼ਰਾਬ ਹੋ ਗਈ, ਜਿਸ ਕਰਕੇ ਪੋਲਿੰਗ ਦੇਰੀ ਨਾਲ ਸ਼ੁਰੂ ਹੋਈ। ਸਵੇਰੇ 8 ਵਜੇ ਤੋਂ ਪਹੁੰਚੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੁੰਦੇ ਹੀ ਇਕ ਸ਼ਖ਼ਸ ਵੋਟ ਪਾਉਣ ਲਈ ਜਿਵੇਂ ਹੀ ਬੂਥ ਅੰਦਰ ਗਿਆ ਤਾਂ ਵੋਟ ਪਾਉਣ ਦੌਰਾਨ ਵੋਟਿੰਗ ਮਸ਼ੀਨ ਖ਼ਰਾਬ ਹੋ ਗਈ। ਕਰੀਬ ਇਕ ਘੰਟੇ ਦੀ ਦੇਰੀ ਨਾਲ ਇਥੇ ਪੋਲਿੰਗ ਦੀ ਸ਼ੁਰੂਆਤ ਕੀਤੀ ਗਈ। ਉਥੇ ਹੀ ਕੰਮਾਂ ’ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਖੱਜਲ-ਖੁਆਰ ਹੋਣਾ ਪਿਆ।
ਇੱਥੇ ਇਹ ਦੱਸਣਯੋਗ ਹੈ ਕਿ ਲਗਾਤਾਰ ਵੋਟਿੰਗ ਦੌਰਾਨ ਭੋਗਪੁਰ ਜ਼ਿਲ੍ਹੇ ਦੇ ਬੂਥ ਨੰਬਰ 24 ’ਤੇ ਈ. ਵੀ. ਐੱਮ. ’ਚ ਖ਼ਰਾਬੀ ਕਾਰਨ ਪੋਲਿੰਗ ਰੁਕ ਗਈ ਸੀ ਜਿਸ ਕਾਰਨ ਲੋਕਾਂ ’ਚ ਨਿਰਾਸ਼ਾ ਦਾ ਮਾਹੌਲ ਬਣ ਗਿਆ ਸੀ। ਪੋਲਿੰਗ ਬੂਥ ਨੰਬਰ 24 ਸੀਨੀਅਰ ਸੈਕੰਡਰੀ ਸਕੂਲ ਲੜਕੇ ਭੋਗਪੁਰ ਵਿਚ ਪੋਲਿੰਗ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਹੀ ਇਹ ਵੀ ਐੱਮ ਮਸ਼ੀਨ ਵਿਚ ਖ਼ਰਾਬੀ ਆ ਗਈ ਜਿਸ ਕਾਰਨ ਅੱਧਾ ਘੰਟ ਪੋਲਿੰਗ ਰੁਕੀ ਰਹੀ।