ਸੂਬੇ ਦੇ ਲੱਖਾਂ ਪਰਿਵਾਰਾਂ ਖਾਸ ਕਰਕੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ‘ਮੇਰਾ ਘਰ ਮੇਰੇ ਨਾਮ’ ਸਕੀਮ ਦੀ ਸ਼ੁਰੂਆਤ ਕੀਤੀ,ਜਿਸ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਆਉਂਦੇ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਜਾਇਦਾਦਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ।
Launched ‘Mera Ghar Mere Naam’ scheme during a state-level function at Dinanagar to confer proprietary rights to the people living within ‘Lal Lakir’ of villages and the cities. Handed over sanads conferring proprietary to beneficiaries of village Meempur and Mahadev Kalan. pic.twitter.com/4W3fPLeF9g
— Charanjit S Channi (@CHARANJITCHANNI) October 17, 2021
ਅੱਜ ਇੱਥੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਮਾਲ ਮੰਤਰੀ ਅਰੁਣਾ ਚੌਧਰੀ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੀਮ ਪੰਜਾਬ ਵਾਸੀਆਂ ਵਿਸ਼ੇਸ਼ ਤੌਰ ’ਤੇ ਸਮਾਜ ਦੇ ਲੋੜਵੰਦ ਤੇ ਕਮਜ਼ੋਰ ਵਰਗਾਂ ਨੂੰ ਅਤਿ ਲੋੜੀਂਦੀ ਰਾਹਤ ਮੁਹੱਈਆ ਕਰਵਾਏਗੀ। ਚੰਨੀ ਨੇ ਕਿਹਾ ਕਿ ਇਸ ਸਕੀਮ ਨੂੰ ਪਹਿਲਾਂ ਸਿਰਫ਼ ਪਿੰਡਾਂ ਦੇ ਲੋਕਾਂ ਲਈ ਸ਼ੁਰੂ ਕੀਤਾ ਗਿਆ ਸੀ ਜਿਸ ਦਾ ਘੇਰਾ ਵਧਾ ਕੇ ਹੁਣ ਸ਼ਹਿਰਾਂ ਵਿੱਚ ਲਾਲ ਲਕੀਰ ਅੰਦਰ ਰਹਿੰਦੇ ਲੋਕਾਂ ਨੂੰ ਵੀ ਇਸ ਦਾ ਲਾਭ ਦੇਣ ਦਾ ਫ਼ੈਸਲਾ ਕੀਤਾ ਗਿਆ। ਚੰਨੀ ਨੇ ਕਿਹਾ ਕਿ ਇਸ ਸਮੁੱਚੀ ਸਕੀਮ ਨੂੰ ਲਾਗੂ ਕਰਨ ਦਾ ਜਿੰਮਾ ਮਾਲ ਵਿਭਾਗ ਨੂੰ ਦਿੱਤਾ ਗਿਆ ਹੈ ,ਜੋ ਡਿਜੀਟਲ ਮੈਪਿੰਗ ਕਰਨ ਲਈ ਪੇਂਡੂ ਤੇ ਸ਼ਹਿਰੀ ਇਲਾਕਿਆਂ ਵਿੱਚ ਅਜਿਹੀਆਂ ਰਿਹਾਇਸ਼ੀ ਜਾਇਦਾਦਾਂ ਦਾ ਡਰੋਨ ਸਰਵੇ ਕਰਵਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਨੂੰ ਢੁਕਵੀਂ ਸ਼ਨਾਖਤ ਤੇ ਤਸਦੀਕ ਕਰਨ ਤੋਂ ਬਾਅਦ ਜਾਇਦਾਦ ਦਾ ਮਾਲਕੀ ਹੱਕ ਦੇਣ ਲਈ ਪ੍ਰਾਪਰਟੀ ਕਾਰਡ (ਸੰਨਦ) ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਤੋਂ ਪਹਿਲਾਂ ਲਾਭਪਾਤਰੀਆਂ ਨੂੰ ਆਪਣੇ ਇਤਰਾਜ਼ ਦਾਇਰ ਕਰਨ ਲਈ 15 ਦਿਨ ਦਾ ਸਮਾਂ ਵੀ ਦਿੱਤਾ ਜਾਵੇਗਾ ਅਤੇ ਜੇਕਰ ਉਨਾਂ ਪਾਸੋਂ ਕੋਈ ਜਵਾਬ ਨਹੀਂ ਆਉਂਦਾ ਤਾਂ ਸੰਨਦਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੰਨਦਾਂ ਰਜਿਸਟਰੀ ਦਾ ਉਦੇਸ਼ ਪੂਰਾ ਕਰਨਗੀਆਂ ਜਿਸ ਨਾਲ ਸਬੰਧਿਤ ਲੋਕਾਂ ਨੂੰ ਬੈਂਕਾਂ ਪਾਸੋਂ ਕਰਜ਼ਾ ਮਿਲ ਸਕਦਾ ਹੈ ਜਾਂ ਉਹ ਆਪਣੀ ਜਾਇਦਾਦ ਵੀ ਵੇਚ-ਵੱਟ ਸਕਦੇ ਹਨ ਜਿਸ ਕਰਕੇ ਇਸ ਦੀ ਕੀਮਤ ਵੀ ਵਧੇਗੀ। ਸ੍ਰ.ਚੰਨੀ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਦੇ ਪੁਰਾਣੇ ਮੁਹੱਲਿਆਂ ਵਿੱਚ ਪੀੜ੍ਹੀ ਦਰ ਪੀੜ੍ਹੀ ਰਹਿ ਰਹੇ ਲੋਕ ਵੀ ਇਸ ਸਕੀਮ ਦੇ ਘੇਰੇ ਵਿੱਚ ਆਉਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਲਾਲ ਲਕੀਰ ਤੋਂ ਬਾਹਰ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇ ਕੇ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਂਦੀ ਦਿਵਾਲੀ ਤੱਕ ਸੂਬਾ ਸਰਕਾਰ ਇਸ ਸਕੀਮ ਅਧੀਨ ਇਨਾਂ ਲੋਕਾਂ ਨੂੰ ਮਾਲਕੀ ਹੱਕ ਦੇਣਾ ਯਕੀਨੀ ਬਣਾਏਗੀ। ਚੰਨੀ ਨੇ ਕਿਹਾ ਕਿ ਇਨ੍ਹਾਂ ਲੋਕ ਪੱਖੀ ਉਪਰਾਲਿਆਂ ਦਾ ਮੁੱਖ ਮਨੋਰਥ ਲੋਕਾਂ ਨੂੰ ਵੱਧ ਤੋਂ ਵੱਧ ਰਾਹਤ ਮੁਹੱਈਆ ਕਰਵਾਉਣਾ ਹੈ ।
ਬਿਜਲੀ ਦੇ ਕੁਨੈਕਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਬਿਜਲੀ ਦੇ ਜਿਹੜੇ ਵੀ ਕੁਨੈਕਸ਼ਨ ਬਕਾਏ ਬਿਲਾਂ ਕਰਕੇ ਕੱਟ ਦਿੱਤੇ ਗਏ ਸੀ, ਉਨਾਂ ਕੁਨੈਕਸ਼ਨਾਂ ਨੂੰ ਦਿਵਾਲੀ ਤੱਕ ਮੁੜ ਬਹਾਲ ਕਰ ਦਿੱਤਾ ਜਾਵੇਗਾ। ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਕਾਏ ਬਿੱਲ ਮੁਆਫ਼ ਕਰਨ ਦੀ ਸਕੀਮ ਦਾ ਲਾਭ ਹਰੇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾਵੇਗਾ , ਚਾਹੇ ਉਹ ਕਿਸੇ ਵੀ ਜਾਤ ,ਧਰਮ ਨਾਲ ਸਬੰਧ ਰੱਖਦਾ ਹੋਵੇ। ਉਨ੍ਹਾਂ ਕਿਹਾ ਕਿ ਸੂਬੇ ਦੇ 72 ਲੱਖ ਬਿਜਲੀ ਖ਼ਪਤਕਾਰਾਂ ਵਿਚੋਂ 52 ਲੱਖ ਖ਼ਪਤਕਾਰਾਂ ਨੂੰ ਬਕਾਏ ਬਿੱਲ ਮੁਆਫ਼ੀ ਦਾ ਲਾਭ ਮਿਲੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਨ੍ਹਾਂ ਕੋਲ ਬਹੁਤ ਘੱਟ ਸਮਾਂ ਹੈ, ਪਰ ਉਹ ਨਿਰੰਤਰ ਕੰਮ ਕਰ ਰਹੇ ਹਨ ਤਾਂ ਕਿ ਸੂਬਾ ਸਰਕਾਰ ਦੀਆਂ ਵਿਕਾਸ ਮੁੱਖੀ ਸਕੀਮਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਦੇਣਾ ਯਕੀਨੀ ਬਣਾਇਆ ਜਾ ਸਕੇ।
ਨਵੇਂ ਪ੍ਰੋਜੈਕਟਾਂ ਦਾ ਐਲਾਨ
ਦੀਨਾਨਗਰ ਲਈ ਕਈ ਨਵੇਂ ਪ੍ਰੋਜੈਕਟਾਂ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਥੋਂ ਦੇ ਮੌਜੂਦਾ ਕਮਿਊਨਟੀ ਹੈਲਥ ਸੈਂਟਰ ਨੂੰ ਸਬ ਡਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਇਹ ਵਿਧਾਨ ਸਭਾ ਹਲਕਾ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਅਤੇ ਉਹ ਇਸ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਕਾਂਗਰਸੀ ਵਰਕਰਾਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦਾ ਇਕ ਨਵਾਂ ਯੁੱਗ ਆਇਆ ਹੈ ਅਤੇ ਸੂਬੇ ਵਿੱਚ ਹੁਣ ਚੁਣੇ ਹੋਏ ਨੁਮਾਇੰਦਿਆਂ ਦਾ ਰਾਜ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਸਭ ਤੋਂ ਵੱਧ ਧਿਆਨ ਕਾਂਗਰਸੀ ਵਰਕਰਾਂ ਦੇ ਮਾਣ-ਸਤਿਕਾਰ ਨੂੰ ਬਹਾਲ ਕਰਵਾਉਣ ਵੱਲ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਾਂਗਰਸ ਵਰਕਰ ਹੀ ਹੁਣ ਪੰਜਾਬ ਦਾ ਮੁੱਖ ਮੰਤਰੀ ਹੈ ਕਿਉਂਕਿ ਉਨ੍ਹਾਂ ਨੇ ਸੂਬੇ ਵਿੱਚ ਸਾਰੀਆਂ ਤਾਕਤਾਂ ਦਾ ਵਿਕੇਂਦਰੀਕਰਨ ਕਰ ਦਿੱਤਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੀਨਾਨਗਰ ਹਲਕੇ ਨਾਲ ਆਪਣੀ ਪੁਰਾਣੀ ਪਰਿਵਾਰਕ ਸਾਂਝਾ ਨੂੰ ਚੇਤੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਰੂਪ ਵਿੱਚ ਸੂਬੇ ਨੂੰ ਵੱਡੀ ਸੌਗ਼ਾਤ ਦਿੱਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਨਾਪਾਕ ਸਾਂਝ ਹੈ ਜੋ ਫਿਰਕੂ ਨਫ਼ਰਤ ਦੀ ਵਿਚਾਰਧਾਰਾ ’ਤੇ ਅਧਾਰਿਤ ਹੈ।
ਸਰਹੱਦੀ ਇਲਾਕੇ ਦੇ ਲੋਕ ਮੁਲਕ ਦੇ ਬਹਾਦਰ ਦੇਸ਼ ਭਗਤ ਹਨ
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕੇ ਦੇ ਲੋਕ ਮੁਲਕ ਦੇ ਬਹਾਦਰ ਦੇਸ਼ ਭਗਤ ਹਨ ,ਪਰ ਬੀ.ਐਸ.ਐਫ. ਦਾ ਅਧਿਕਾਰ ਖੇਤਰ ਵਧਾ ਕੇ ਕੇਂਦਰ ਸਰਕਾਰ ਇਨ੍ਹਾਂ ਲੋਕਾਂ ਦੀ ਦੇਸ਼ ਭਗਤੀ ਅਤੇ ਦਿਆਨਤਦਾਰੀ ਉਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਰਹੀ ਹੈ , ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰੰਧਾਵਾ ਨੇ ਕਿਹਾ ਕਿ ਸਰਹੱਦ ਪਾਰ ਤੋਂ ਅਤਿਵਾਦ ਜਾਂ ਨਸ਼ੇ ਦੇ ਕਾਰੋਬਾਰ ਰਾਹੀਂ ਸੂਬੇ ਨੂੰ ਅਸਥਿਰ ਕਰਨ ਦੇ ਉਦੇਸ਼ ਨਾਲ ਘੜੇ ਜਾਣ ਵਾਲੇ ਕਿਸੇ ਵੀ ਮਨਸੂਬੇ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਪੰਜਾਬ ਪੁਲਿਸ ਹੁਣ ਪੂਰੀ ਤਰ੍ਹਾਂ ਸਮੱਰਥਵਾਨ ਹੈ। ਉਨ੍ਹਾਂ ਨੇ ਡਾ.ਮਨਮੋਹਨ ਸਿੰਘ ਸਰਕਾਰ ਵਲੋਂ ਸਰਹੱਦੀ ਖੇਤਰਾਂ ਦੇ ਵਿਕਾਸ ਲਈ ਸ਼ੁਰੂ ਕੀਤੇ ‘ਸਰਹੱਦੀ ਖੇਤਰ ਵਿਕਾਸ ਫੰਡ ਪ੍ਰੋਗਰਾਮ’ ਤਹਿਤ ਦਿੱਤੇ ਜਾਂਦੇ ਫੰਡਾਂ ਵਿੱਚ ਮੋਦੀ ਸਰਕਾਰ ਵੱਲੋਂ ਕੇਂਦਰ ਦੇ ਹਿੱਸੇ ਵਿੱਚ ਕਟੌਤੀ ਕਰਨ ਦੇਣ ਦੀ ਸਖ਼ਤ ਆਲੋਚਨਾ ਕੀਤੀ ਕਿਉਂ ਜੋ ਇਸ ਨਾਲ ਸਰਹੱਦੀ ਇਲਾਕਿਆਂ ਦੇ ਵਿਕਾਸ ਨੁੰ ਢਾਹ ਲੱਗ ਰਹੀ ਹੈ।
ਮਾਲ ਮੰਤਰੀ ਅਰੁਣਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਹ ਲੋਕ ਪੱਖੀ ਸਕੀਮ ਮੁੱਖ ਮੰਤਰੀ ਦੀ ਦੂਰ ਅੰਦੇਸ਼ ਪਹੁੰਚ ਦੇ ਨਤੀਜੇ ਸਦਕਾ ਲਾਗੂ ਕੀਤੀ ਜਾ ਰਹੀ ਹੈ, ਜੋ ਹਮੇਸ਼ਾਂ ਹੀ ਲੋਕਾਂ ਦੇ ਭਲੇ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਪਿੰਡਾਂ ਅਤੇ ਸ਼ਹਿਰਾਂ ਨੂੰ ਹੋਰ ਮਜ਼ਬੂਤ ਕਰਨ ਲਈ ਕ੍ਰਾਂਤੀਕਾਰੀ ਕਦਮ ਸਾਬਿਤ ਹੋਵੇਗੀ।
ਇਸ ਮੌਕੇ ਮੁੱਖ ਮੰਤਰੀ ਨੇ ਪਿੰਡ ਮੀਰਪੁਰ ਅਤੇ ਮਹਾਂਦੇਵ ਕਲਾਂ ਦੇ 50 ਲਾਭਪਾਤਰੀਆਂ ਨੂੰ ਜਾਇਦਾਦ ਦੇ ਮਾਲਕੀ ਹੱਕ ਦੀਆਂ ਸੰਨਦਾਂ ਸੌਂਪੀਆਂ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 2.59 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਹਿਸੀਲ ਕੰਪਲੈਕਸ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ’ਤੇ 4.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਰਕ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਬੱਸ ਸਟੈਂਡ ਲਈ ਵੀ 2.90 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ।