ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ‘ਚ ਹੁਣ ਤੱਕ ਆਯੂਸ਼ਮਾਨ ਸਕੀਮ ਤਹਿਤ ਇਲਾਜ ਹੋ ਰਿਹਾ ਸੀ ਪਰ ਹੁਣ ਇਸ ਸੰਬੰਧੀ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਆਯੂਸ਼ਮਾਨ ਸਕੀਮ ਤਹਿਤ ਇਲਾਜ ਅੱਜ ਤੋਂ ਬੰਦ ਹੋ ਗਿਆ ਹੈ। ਇਸ ਦਾ ਕਾਰਨ ਪ੍ਰਾਈਵੇਟ ਹਸਪਤਾਲਾਂ ਦਾ ਪੰਜਾਬ ਸਰਕਾਰ ਸਿਰ ਖੜ੍ਹਾ ਬਕਾਇਆ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿਚ ਆਈ ਐੱਮ ਏ ਪ੍ਰਧਾਨ ਡਾ. ਪਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਕਰੀਬ ਪੰਜ ਮਹੀਨਿਆਂ ਤੋਂ ਕੋਈ ਅਦਾਇਗੀ ਨਹੀਂ ਹੋਈ ਜਿਸ ਕਾਰਨ ਪ੍ਰਾਈਵੇਟ ਹਸਪਤਾਲਾਂ ਲਈ ਕੰਮ ਕਰਨਾ ਔਖਾ ਹੋ ਗਿਆ ਹੈ ਕਿਉਂਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਤ ਹੋਰ ਮੁਸ਼ਕਿਲਾਂ ਹੁੰਦੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਿਹਤ ਮੰਤਰੀ ਨੂੰ ਵੀ ਮਿਲ ਚੁੱਕੇ ਹਾਂ ਪਰ ਮਸਲੇ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਹੁਣ ਅਸੀਂ ਇਸ ਸਕੀਮ ਤਹਿਤ ਇਲਾਜ ਅੱਜ ਤੋਂ ਬੰਦ ਕਰ ਦਿੱਤਾ ਹੈ।