ਪੰਜਾਬ ‘ਚ ਡੀ. ਅਮੋਨੀਅਮ ਫਾਸਫੇਟ (ਡੀ. ਏ. ਪੀ.) ਦੀ ਕਮੀ ਬਾਰੇ ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਮਨਸੁੱਖ ਮਾਂਡਵੀਆਂ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਕਾਕਾ ਰਣਦੀਪ ਨੇ ਕੇਂਦਰੀ ਮੰਤਰੀ ਨੂੰ ਪੰਜਾਬ ‘ਚ ਡੀ. ਏ. ਪੀ. ਦੀ ਆ ਰਹੀ ਘਾਟ ਬਾਰੇ ਵੀ ਜਾਣਕਾਰੀ ਦਿੱਤੀ।
ਕਾਕਾ ਰਣਦੀਪ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਨੂੰ ਜਲਦ ਤੋਂ ਜਲਦ ਆਗਾਮੀ ਬਿਜਾਈ ਲਈ ਡੀ. ਏ. ਪੀ. ਮੁਹੱਈਆ ਕਰਵਾਈ ਜਾਵੇ। ਕੇਂਦਰੀ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਜਲਦੀ ਹੀ ਪੰਜਾਬ ‘ਚ ਡੀ. ਏ. ਪੀ. ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਦੀ ਲੋੜ ਅਨੁਸਾਰ ਡੀ. ਏ. ਪੀ. ਖਾਦ ਭੇਜਣਗੇ। ਇਸ ਮੁਲਾਕਾਤ ਮਗਰੋਂ ਕਾਕਾ ਰਣਦੀਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਬਾਕੀ ਸੂਬਿਆਂ ਦੇ ਮੁਕਾਬਲੇ ਘੱਟ ਡੀ. ਏ. ਪੀ. ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਹੱਲ ਕਰਨ ਦੀ ਗੁਜ਼ਾਰਿਸ਼ ਵੀ ਕੀਤੀ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਘਾਟੇ ‘ਚ ਹੈ ਅਤੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਉਨ੍ਹਾਂ ਨੂੰ ਇਸ ਘਾਟ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ।