ਪੰਜਾਬ ਵਿੱਚ ਥਰਮਾਮੀਟਰ, ਬੀਪੀ ਮਸ਼ੀਨਾਂ, ਬਿਲਿੰਗ ਮਸ਼ੀਨਾਂ ਅਤੇ ਮਨੁੱਖੀ ਭਾਰ ਤੋਲਣ ਵਾਲੀਆਂ ਮਸ਼ੀਨਾਂ ਵੇਚਣ ਵਾਲੇ ਵਪਾਰੀ 1 ਜੂਨ ਤੋਂ ਹੜਤਾਲ ‘ਤੇ ਜਾ ਰਹੇ ਹਨ। ਅਜਿਹੇ ‘ਚ ਪੰਜਾਬ ‘ਚ 1 ਜੂਨ ਤੋਂ ਲੋਕਾਂ ਨੂੰ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਨਹੀਂ ਮਿਲਣੀ। ਹੜਤਾਲ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਕੰਮ ਕਰਨ ਲਈ ਸਾਲਾਨਾ ਲਾਇਸੈਂਸ ਲੈਣ ਅਤੇ ਫੀਸ ਜਮ੍ਹਾ ਕਰਨ ਲਈ ਕਹਿ ਰਿਹਾ ਹੈ।
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐਸ ਚਾਵਲਾ ਨੇ ਕਿਹਾ ਕਿ ਸਰਕਾਰ ਦਾ ਮੈਟਰੋਲੋਜੀ ਵਿਭਾਗ ਛੋਟੇ ਵਪਾਰੀਆਂ ਨੂੰ ਬੇਲੋੜਾ ਪ੍ਰੇਸ਼ਾਨ ਕਰ ਰਿਹਾ ਹੈ। ਕੈਮਿਸਟਾਂ ਦੇ ਬਿਨਾਂ ਵਜ੍ਹਾ ਚਲਾਨ ਕੱਟੇ ਜਾ ਰਹੇ ਹਨ। ਜੇਕਰ ਵਿਭਾਗ ਨੇ ਸਲਾਨਾ ਫੀਸ ਲੈਣੀ ਹੈ ਤਾਂ ਥਰਮਾਮੀਟਰ, ਬੀਪੀ ਮਸ਼ੀਨ, ਬਿਲਿੰਗ ਮਸ਼ੀਨ ਆਦਿ ਬਣਾਉਣ ਵਾਲੀਆਂ ਕੰਪਨੀਆਂ ਤੋਂ ਹੀ ਲੈਣ। ਛੋਟੇ ਵਪਾਰੀ ਪਹਿਲਾਂ ਹੀ ਬਹੁਤ ਘੱਟ ਮਾਰਜਿਨ ‘ਤੇ ਕੰਮ ਕਰ ਰਹੇ ਹਨ।
ਸਰਕਾਰ ਵੱਡੇ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਛੋਟੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਜੇਕਰ ਕੋਈ ਕਿਸੇ ਮਸ਼ੀਨ ਜਾਂ ਸਟਾਕ ਨੂੰ ਬਦਲਣਾ ਚਾਹੁੰਦਾ ਹੈ, ਤਾਂ ਉਸ ਨੂੰ ਸਮੇਂ ਅਨੁਸਾਰ ਬਦਲਿਆ ਜਾ ਸਕਦਾ ਹੈ। ਸਰਕਾਰ ਕੋਲ ਇਹ ਫੀਸ ਜਮ੍ਹਾ ਕਰਵਾਉਣ ਜਾਂ ਲਾਇਸੈਂਸ ਬਣਾਉਣ ਲਈ ਕੋਈ ਪੋਰਟਲ ਵੀ ਨਹੀਂ ਹੈ। ਵਪਾਰੀਆਂ ਨੂੰ ਇੱਧਰ-ਉੱਧਰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਐਤਵਾਰ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ ਹੈ, ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ 1 ਜੂਨ ਤੋਂ ਪੰਜਾਬ ਵਿੱਚ ਹੜਤਾਲ ਕੀਤੀ ਜਾਵੇਗੀ।