ਪੰਜਾਬ ‘ਚ ਬਿਜਲੀ ਦੀ ਕਾਫੀ ਕਮੀ ਆ ਰਹੀ ਹੈ। ਮੌਜੂਦਾ ਸਥਿਤੀ ਅਨੁਸਾਰ ਪੰਜਾਬ ਨੂੰ ਬਿਜਲੀ ਦੀ ਅਧਿਕਤਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀ. ਐੱਸ. ਈ. ਬੀ. ਇੰਜੀਨੀਅਰ ਐਸੋਸੀਏਸ਼ਨ ਨੇ ਪਾਵਰਕਾਮ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ੍ਹ ਹੋਣ ਅਤੇ ਬਲੈਕ ਆਊਟ ਹੋਣ ਦੇ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਇਸ ਪੱਤਰ ਦੀ ਕਾਪੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਨਾਲ-ਨਾਲ ਪੰਜਾਬ ਦੇ ਸਾਰੇ ਐੱਮ. ਐੱਲ. ਏ. ਅਤੇ ਐੱਮ. ਪੀ. ਨੂੰ ਵੀ ਭੇਜੀ ਹੈ।
ਜਾਣਕਾਰੀ ਅਨੁਸਾਰ ਪਾਵਰਕਾਮ ਅਤੇ ਟ੍ਰਾਂਸਕੋ ਦੀਆਂ ਜ਼ਿਆਦਾਤਰ ਕਰਮਚਾਰੀ ਯੂਨੀਅਨਾਂ ਆਪਣੀਆਂ ਮੰਗਾਂ ਦੇ ਸੰਬੰਧ ਵਿਚ 15 ਨਵੰਬਰ ਤੋਂ ਸਮੂਹਿਕ ਛੁੱਟੀ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਇਨ੍ਹਾਂ ਯੂਨੀਅਨਾਂ ਨੇ ਇਸ ਸਮੂਹਿਕ ਛੁੱਟੀ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ 2 ਦਸੰਬਰ ਤੱਕ ਲਗਾਤਾਰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਕਰਮਚਾਰੀਆਂ ਵੱਲੋਂ ਛੁੱਟੀ ’ਤੇ ਚਲੇ ਜਾਣ ਕਾਰਨ ਪੰਜਾਬ ਦੇ ਸਾਰੇ ਗਰਿੱਡ ਖਾਲੀ ਹੋ ਗਏ ਹਨ। ਇਸ ਹੰਗਾਮੀ ਹਾਲਤ ’ਚ ਇੰਜੀਨੀਅਰ ਖੁਦ ਗਰਿੱਡਾਂ ’ਤੇ ਡਿਊਟੀ ਕਰ ਕੇ ਹਾਲਾਤ ਨੂੰ ਸੰਭਾਲਣ ਵਿਚ ਲੱਗੇ ਹੋਏ ਹਨ ਤਾਂ ਕਿ ਪੰਜਾਬ ਦੀ ਸਾਰੀ ਬਿਜਲੀ ਸਪਲਾਈ ਫੇਲ੍ਹ ਹੋਣ ਅਤੇ ਬਲੈਕ ਆਊਟ ਦੇ ਖਤਰੇ ਤੋਂ ਬਚਾਇਆ ਜਾ ਸਕੇ।
ਇਸ ਸਮੇਂ ਗਰਿੱਡਾਂ ’ਤੇ ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ ਬਹੁਤ ਸਾਰੇ ਇੰਜੀਨੀਅਰਾਂ ਨੂੰ ਘਰਾਂ ਤੋਂ 100-200 ਕਿਲੋਮੀਟਰ ਦੂਰ ਲਗਾਤਾਰ 36-36 ਘੰਟੇ ਜਾਂ ਇਸ ਤੋਂ ਜ਼ਿਆਦਾ ਡਿਊਟੀ ਨਿਭਾਉਣੀ ਪੈ ਰਹੀ ਹੈ। ਇਸ ਡਿਊਟੀ ਦੌਰਾਨ ਜਿੱਥੇ ਹੜਤਾਲੀ ਕਰਮਚਾਰੀਆਂ ਵੱਲੋਂ ਇੰਜੀਨੀਅਰਾਂ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ’ਤੇ ਜਾਤੀ ਹਮਲੇ ਕਰ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਜਾ ਰਹੀ ਹੈ। ਉੱਥੇ ਕਿਸੇ ਨੁਕਸ ਕਾਰਨ ਸਪਲਾਈ ਬੰਦ ਹੋਣ ’ਤੇ ਕਈ ਥਾਵਾਂ ’ਤੇ ਖਪਤਕਾਰਾਂ ਦੇ ਗੁੱਸੇ ਦਾ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਰ-ਦੁਰਾਡੇ ਗਰਿੱਡਾਂ ’ਤੇ ਤਾਇਨਾਤ ਇੰਜੀਨੀਅਰਾਂ ਵੱਲੋਂ ਪੂਰਨ ਸਹਿਯੋਗ ਦੇਣ ਦੇ ਬਾਵਜੂਦ ਪਾਵਰਕਾਮ ਮੈਨੇਜਮੇਂਟ ਡਿਊਟੀ ਕਰ ਰਹੇ ਇੰਜੀਨੀਅਰਾਂ ਨੂੰ ਸੁਰੱਖਿਆ ਅਤੇ ਬੁਨਿਆਦੀ ਮਨੁੱਖੀ ਲੋੜਾਂ ਜਿਵੇਂ ਭੋਜਨ, ਵਾਸ਼ਰੂਮ, ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ’ਚ ਨਾਕਾਮ ਰਹੀ ਹੈ। ਇਨ੍ਹਾਂ ਹਾਲਾਤਾਂ ਵਿਚ ਗਰਿੱਡ ’ਤੇ ਡਿਊਟੀ ਨਿਭਾਉਂਦੇ ਹੋਏ ਫਿਰੋਜ਼ਪੁਰ ਦੇ ਵਧੀਕ ਨਿਗਰਾਨ ਇੰਜੀਨੀਅਰ ਅਜੈ ਕੁਮਾਰ ਦੀ ਡੇਂਗੂ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜਿਸ ਕਾਰਨ ਇੰਜੀਨੀਅਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸੰਬੰਧੀ ਇੰਜੀਨੀਅਰ ਐਸੋਸੀਏਸ਼ਨ ਨੇ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਹੈ ਕਿ ਹੜਤਾਲ ’ਤੇ ਚੱਲ ਰਹੇ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਤੁਰੰਤ ਮਸਲੇ ਦਾ ਨਿਪਟਾਰਾ ਕੀਤਾ ਜਾਵੇ ਅਤੇ ਸਹਾਇਕ ਇੰਜੀਨੀਅਰ ਦੇ ਤਨਖਾਹ ਸਕੇਲ ਮਸਲੇ ਨੂੰ ਮੈਨੇਜਮੈਂਟ ਨਾਲ ਹੋਈ ਸਹਿਮਤੀ ਅਨੁਸਾਰ ਇੰਨ ਬਿੰਨ ਲਾਗੂ ਕੀਤਾ ਜਾਵੇ। ਜੇਕਰ ਮੈਨੇਜਮੈਂਟ ਮਸਲਿਆਂ ਨੂੰ ਹੱਲ ਕਰਨ ’ਚ ਅਸਫਲ ਰਹਿੰਦੀ ਹੈ ਤਾਂ ਸਾਰੇ ਇੰਜੀਨੀਅਰ 30 ਨਵੰਬਰ ਤੋਂ ਆਪਣੇ ਮੋਬਾਇਲ ਫੋਨ ਅਣਮਿੱਥੇ ਸਮੇਂ ਲਈ ਬੰਦ ਅਤੇ 1 ਦਸੰਬਰ ਤੋਂ ਆਪਣੇ ਤੋਂ ਹੇਠਲੇ ਸਟਾਫ ਦੀ ਡਿਊਟੀ ਕਰਨ ਤੋਂ ਇਨਕਾਰ ਕਰ ਦੇਣਗੇ।









