ਨਵੀਂ ਦਿੱਲੀ : ਸੂਰਜ ਦੀਆਂ ਲਪਟਾਂ ਤੋਂ ਪੈਦਾ ਇਕ ਸ਼ਕਤੀਸ਼ਾਲੀ ਤੂਫ਼ਾਨ 16 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪ੍ਰਿਥਵੀ ਵੱਲ ਆ ਰਿਹਾ ਹੈ। ਇਸਦੇ ਮੰਗਲਵਾਰ ਜਾਂ ਬੁੱਧਵਾਰ ਨੂੰ ਧਰਤੀ ਦੇ ਉਪਰਲੇ ਵਾਯੂ ਮੰਡਲ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਮੋਬਾਈਲ ਸਿਗਨਲ, ਜੀਪੀਐੱਸ ਨੈੱਟਵਰਕ ਜਾਂ ਸੈਟੇਲਾਈਟ ਟੀਵੀ ’ਤੇ ਪੈ ਸਕਦਾ ਹੈ। ਦੁਨੀਆ ਦੇ ਕਈ ਹਿੱਸਿਆਂ ’ਚ ਪਾਵਰ ਗਰਿੱਡ ਵੀ ਠੱਪ ਹੋ ਸਕਦੇ ਹਨ। ਅਮਰੀਕਾ ਦੇ ਮੌਸਮ ਵਿਭਾਗ ਅਨੁਸਾਰ ਇਸ ਤੂਫ਼ਾਨ ਦੇ ਕਾਰਨ ਇਕ ਵੱਡੇ ਇਲਾਕੇ ’ਚ ਹਾਈ ਫ੍ਰੀਕੁਐਂਸੀ ਰੇਡੀਓ ਕਮਿਊਨਿਕੇਸ਼ਨ ਇਕ ਘੰਟੇ ਲਈ ਬੰਦ ਹੋ ਸਕਦਾ ਹੈ। ਸਭ ਤੋਂ ਪਹਿਲਾਂ ਇਸ ਤੂਫ਼ਾਨ ਦਾ ਪਤਾ ਤਿੰਨ ਜੁਲਾਈ ਨੂੰ ਲੱਗਾ ਸੀ। ਇਸ ਤੂਫ਼ਾਨ ਦੇ ਨਿਕਲਣ ’ਤੇ ਅਮਰੀਕਾ ’ਚ ਥੋੜੇ ਸਮੇਂ ਲਈ ਰੇਡੀਓ ਕਮਿਊਨਿਕੇਸ਼ਨ ’ਚ ਰੁਕਾਵਟ ਪੈਦਾ ਹੋ ਗਈ ਸੀ।

ਕਿਸ-ਕਿਸ ‘ਤੇ ਹੋ ਸਕਦਾ ਹੈ ਅਸਰ
-ਜੀਪੀਐੱਸ ਸਿਗਨਲ, ਮੋਬਾਈਲ ਨੈੱਟਵਰਕ, ਸੈਟੇਲਾਈਟ ਟੀਵੀ, ਆਟੋਮੈਟਿਕ ਕਾਰ, ਟੈਕਸੀ, ਪਲੇਨ ਸੇਵਾ ’ਤੇ ਅਸਰ ਹੋੋ ਸਕਦਾ ਹੈ।
-ਧਰਤੀ ਦੇ ਉੱਤਰੀ ਤੇ ਦੱਖਣੀ ਧਰੁਵ ’ਤੇ ਨਾਰਦਰਨ, ਸਰਦਰਨ ਲਾਈਟਸ ਦੀ ਮਾਤਰਾ ਤੇ ਫ੍ਰਿਕੁਐਂਸੀ ਵੱਧ ਸਕਦੀ ਹੈ।

ਸੂਰਜੀ ਤੂਫ਼ਾਨ ਕਿਉਂ ਆਉਂਦੇ ਹਨ
ਵਿਗਿਆਨੀਆਂ ਦੇ ਅਨੁਸਾਰ ਹਰ 11 ਸਾਲਾਂ ’ਚ ਸੂਰਜ ਦੀ ਸਤ੍ਹਾ ਦੀ ਹਲਚਲ ਤੇ ਵਿਸਫੋਟ ਨਾਲ ਏਨੀ ਵੱਡੀ ਮਾਤਰਾ ’ਚ ਕਿਰਨਾਂ ਨਿਕਲਦੀਆਂ ਹਨ, ਜਿਹੜੀਆਂ ਪੁਲਾਡ਼ ’ਤੇ ਵੱਡੇ ਸੂਰਜੀ ਤੂਫ਼ਾਨ ਲਿਆਉਣ ’ਚ ਸਮਰੱਥ ਹਨ। ਸਾਲ 2019 ਤੋਂ ਨਵਾਂ ਪਡ਼ਾਅ ਸ਼ੁਰੂ ਹੋਇਆ ਹੈ। ਇਹ ਜੁਲਾਈ 2025 ਤੱਕ ਸਿਖ਼ਰ ’ਤੇ ਪਹੁੰਚੇਗਾ। ਮੌਜੂਦਾ ਸੂਰਜੀ ਤੂਫ਼ਾਨ ਵੀ ਇਸੇ ਦਾ ਨਤੀਜਾ ਹੈ।

ਪਹਿਲਾਂ ਵੀ ਆ ਚੁੱਕੇ ਹਨ ਸੂਰਜੀ ਤੂੁਫ਼ਾਨ
-1972 ਦੇ ਸੂਰਜੀ ਤੂਫ਼ਾਨ ’ਚ ਕਈ ਦੇਸ਼ਾਂ ’ਚ ਬਿਜਲੀ ਤੇ ਸੰਚਾਰ ਸੇਵਾਵਾਂ ਨੂੰ ਨੁਕਸਾਨ ਹੋਇਆ ਸੀ। ਅਮਰੀਕੀ ਜਲ ਸੈਨਾ ਵਲੋਂ ਉੱਤਰੀ ਵੀਅਤਨਾਮ ਦੇ ਸਮੁੰਦਰ ’ਚ ਲਗਾਈ ਚੁੰਬਕੀ ਪ੍ਰਭਾਵ ਨਾਲ ਫਟਣ ਵਾਲੀਆਂ ਖਾਣਾਂ ਵੀ ਖ਼ੁਦ ਫਟ ਗਈਆਂ।
– 1989 ’ਚ ਕੈਨੇਡਾ ਦੇ ਕਿਊਬੈਕ ’ਚ ਹਾਈਡ੍ਰੋ ਪਾਵਰ ਪ੍ਰਾਜੈਕਟ ਠੱਪ ਹੋਣ ਨਾਲ ਕਰੀਬ 60 ਲੱਖ ਲੋਕ ਨੌਂ ਘੰਟੇ ਬਿਨਾਂ ਬਿਜਲੀ ਦੇ ਰਹੇ।
– 2003 ’ਚ 19 ਅਕਤੂਬਰ ਤੋਂ ਪੰਜ ਨਵੰਬਰ ਤਕ ਇਨ੍ਹਾਂ ਤੂਫ਼ਾਨਾਂ ਨੇ ਅਮਰੀਕਾ ’ਚ ਕਈ ਵਾਰੀ ਰੇਡੀਓ ਸੇਵਾਵਾਂ ਠੱਪ ਕੀਤੀਆਂ। ਇਸ ਨੂੰ ਰੇਡੀਓ ਬਲੈਕ ਆਊਟ ਕਿਹਾ ਗਿਆ।

LEAVE A REPLY

Please enter your comment!
Please enter your name here