ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਹੋਇਆ ਵਾਧਾ, ਜਾਣੋ ਅੱਜ ਦੇ ਰੇਟ

0
57

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਅੱਜ ਫਿਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀਆਂ ਕੀਮਤਾਂ ‘ਚ 30 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ‘ਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਪਿਛਲੇ ਇੱਕ ਹਫ਼ਤੇ ‘ਚ ਕੀਮਤਾਂ ‘ਚ ਕੁੱਲ 4 ਰੁਪਏ (ਪੈਟਰੋਲ) ਤੋਂ 4.10 ਰੁਪਏ (ਡੀਜ਼ਲ) ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਸਰਕਾਰੀ ਈਂਧਨ ਪ੍ਰਚੂਨ ਵਿਕਰੇਤਾਵਾਂ ਦੀ ਕੀਮਤ ਨੋਟੀਫਿਕੇਸ਼ਨ ਦੇ ਅਨੁਸਾਰ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ 99.11 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 99.41 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜਦੋਂ ਕਿ ਡੀਜ਼ਲ ਦੀ ਕੀਮਤ 90.42 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 90.77 ਰੁਪਏ ਹੋ ਗਈ ਹੈ। ਇਹ ਵਾਧਾ ਦੇਸ਼ ਭਰ ‘ਚ ਕੀਤਾ ਗਿਆ ਹੈ। ਹਾਲਾਂਕਿ ਵੱਖ-ਵੱਖ ਰਾਜਾਂ ‘ਚ ਸਥਾਨਕ ਟੈਕਸਾਂ ਦੇ ਆਧਾਰ ‘ਤੇ ਵੱਖ-ਵੱਖ ਕੀਮਤਾਂ ਹੁੰਦੀਆਂ ਹਨ।

ਮੁੰਬਈ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 114.19 ਰੁਪਏ ਅਤੇ 98.50 ਰੁਪਏ ਪ੍ਰਤੀ ਲੀਟਰ ਹੈ, ਜਦਕਿ ਚੇਨਈ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 105.18 ਰੁਪਏ ਅਤੇ 95.33 ਰੁਪਏ ਪ੍ਰਤੀ ਲੀਟਰ ਹੈ ।

ਕੋਲਕਾਤਾ ‘ਚ ਹੁਣ ਪੈਟਰੋਲ ਦੀ ਕੀਮਤ 108.85 ਰੁਪਏ ਅਤੇ ਡੀਜ਼ਲ ਦੀ ਕੀਮਤ 93.92 ਰੁਪਏ ਪ੍ਰਤੀ ਲੀਟਰ ਹੈ।

22 ਮਾਰਚ ਨੂੰ ਦਰ ਸੰਸ਼ੋਧਨ ‘ਚ ਸਾਢੇ ਚਾਰ ਮਹੀਨਿਆਂ ਦੇ ਲੰਬੇ ਅੰਤਰ ਨੂੰ ਖਤਮ ਹੋਣ ਤੋਂ ਬਾਅਦ ਕੀਮਤਾਂ ‘ਚ ਇਹ ਛੇਵਾਂ ਵਾਧਾ ਹੈ। ਕੀਮਤਾਂ ‘ਚ ਸ਼ੁਰੂਆਤ ‘ਚ ਚਾਰ ਵਾਰ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ, ਜੋ ਕਿ ਜੂਨ 2017 ‘ਚ ਰੋਜ਼ਾਨਾ ਕੀਮਤ ਸੰਸ਼ੋਧਨ ਸ਼ੁਰੂ ਕੀਤੇ ਜਾਣ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਵੱਧ ਵਾਧਾ ਸੀ। ਇਸ ਤੋਂ ਬਾਅਦ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 50 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ‘ਚ 55 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਤੇ ਹੁਣ ਸੋਮਵਾਰ ਨੂੰ ਪੈਟਰੋਲ ਦੀ ਕੀਮਤ ‘ਚ 30 ਪੈਸੇ ਤੇ ਡੀਜ਼ਲ ਦੀ ਕੀਮਤ ‘ਚ 35 ਪੈਸੇ ਦਾ ਵਾਧਾ ਕੀਤਾ ਗਿਆ ਹੈ। ਕੁੱਲ ਮਿਲਾ ਕੇ ਇੱਕ ਹਫ਼ਤੇ ‘ਚ ਪੈਟਰੋਲ ਦੀਆਂ ਕੀਮਤਾਂ ‘ਚ 4 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀਆਂ ਕੀਮਤਾਂ ‘ਚ 4.10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ 4 ਨਵੰਬਰ ਤੋਂ ਕੀਮਤਾਂ ਸਥਿਰ ਸਨ। ਇਸ ਦੌਰਾਨ ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਵੀ ਹੋਈਆਂ। ਇਸ ਸਮੇਂ ਦੌਰਾਨ ਕੱਚੇ ਮਾਲ (ਕੱਚੇ ਤੇਲ) ਦੀ ਕੀਮਤ ਵਿੱਚ ਲਗਪਗ 30 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੋਇਆ ਸੀ ਪਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਸੀ। 10 ਮਾਰਚ ਨੂੰ ਵੋਟਾਂ ਦੀ ਗਿਣਤੀ ਤੋਂ ਤੁਰੰਤ ਬਾਅਦ ਦਰਾਂ ਦੇ ਸੰਸ਼ੋਧਨ ਦੀ ਉਮੀਦ ਸੀ, ਪਰ ਕੁਝ ਹਫ਼ਤਿਆਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਪਰ ਕੱਚੇ ਤੇਲ ਦੀਆਂ ਕੀਮਤਾਂ 82 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 120 ਡਾਲਰ ਦੇ ਆਸ-ਪਾਸ ਹੋ ਗਈਆਂ, ਜਿਸ ਕਾਰਨ ਪ੍ਰਚੂਨ ਕੀਮਤਾਂ ਵਧਾਉਣ ਦੀ ਲੋੜ ਪਈ।

ਪਰ ਸਰਕਾਰੀ ਈਂਧਨ ਪ੍ਰਚੂਨ ਵਿਕਰੇਤਾ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐਲ) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) ਇੱਕੋ ਸਮੇਂ ਕੀਮਤਾਂ ‘ਚ ਬਹੁਤਾ ਵਾਧਾ ਨਹੀਂ ਕਰ ਰਹੇ ਹਨ, ਇਹ ਪੜਾਅਵਾਰ ਵਧਾਏ ਜਾ ਰਹੇ ਹਨ। 22 ਮਾਰਚ ਤੋਂ 28 ਮਾਰਚ ਤੱਕ 6 ਵਾਰ ਕੀਮਤਾਂ ਵਧਾਈਆਂ ਗਈਆਂ ਹਨ।

 

LEAVE A REPLY

Please enter your comment!
Please enter your name here