=ਲਲਿਤਪੁਰ : ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ‘ਚ ਖਾਦ ਦੀ ਸਮੱਸਿਆ ਦੇ ਕਾਰਨ ਜਾਨ ਗਵਾਉਣ ਵਾਲੇ 2 ਕਿਸਾਨਾਂ ਦੇ ਪਰਿਵਾਰਿਕ ਮੈਂਬਰਾ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਸ਼ੁੱਕਰਵਾਰ ਨੂੰ ਸਵੇਰੇ ਟ੍ਰੇਨ ਰਾਹੀਂ ਲਲਿਤਪੁਰ ਪਹੁੰਚੀ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਦੀਪ ਜੈਨ ਆਦਿਤਿਆ ਨੇ ਦੱਸਿਆ ਕਿ ਲਲਿਤਪੁਰ ਜ਼ਿਲ੍ਹੇ ‘ਚ ਦੋ ਕਿਸਾਨਾਂ ਦੀ ਮੌਤ ‘ਤੇ ਪੀੜਿਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪ੍ਰਿਅੰਕਾ ਗਾਂਧੀ ਸਾਬਰਮਤੀ ਐਕਸਪ੍ਰੈਸ ਰਾਹੀ ਲਲਿਤਪੁਰ ਪਹੁੰਚੀ। ਇਸ ਦੌਰਾਨ ਕਾਂਗਰਸੀ ਕਰਮਚਾਰੀਆਂ ਨੇ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਦੱਸ ਦਈਏ ਕਿ ਇਸ ਹਫ਼ਤੇ ਲਲਿਤਪੁਰ ਦੇ ਨਾਰਾਹਾਟ ਥਾਣਾ ਖੇਤਰ ਦੇ ਬਨਯਾਨਾ ਪਿੰਡ ਦੇ ਕਿਸਾਨ ਮਹੇਸ਼ ਕੁਮਾਰ ਬੁਨਕਰ ਦੀ ਖਾਦ ਖਰੀਦ ਕੇਂਦਰ ਉੱ’ਤੇ ਕਾਫ਼ੀ ਸਮੇਂ ਤੱਕ ਲਾਈਨ ‘ਚ ਖੜ੍ਹੇ ਰਹਿਣ ਦੇ ਕਾਰਨ ਤਬੀਅਤ ਵਿਗੜਨ ‘ਤੇ ਮੌਤ ਹੋ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਲਲਿਤਪੁਰ ਜ਼ਿਲ੍ਹੇ ਦੇ ਹੀ ਮੈਲਵਾਰਾ ਖੁਰਦ ਪਿੰਡ ਦੇ ਕਿਸਾਨ ਸੋਨੀ ਅਹਿਰਵਾਰ ਨੇ 3 ਦਿਨ ਤੱਕ ਖਾਦ ਨਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ।