ਜਨਮ ਤੇ ਬਚਪਨ (1904 ਤੋਂ 1916) : ਸੇਵਾ ਦੀ ਗੱਲ ਕਰਦਿਆਂ ਹੀ ਭਾਈ ਘੱਨ੍ਹਈਆ ਜੀ ਵਾਂਗ ਭਗਤ ਪੂਰਨ ਸਿੰਘ ਦਾ ਨਾਂ ਆਪ-ਮੁਹਾਰੇ ਹੀ ਬੁੱਲਾਂ ਉੱਤੇ ਆ ਜਾਂਦਾ ਹੈ। ਉਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਰਾਜੇਵਾਲ ਵਿਖੇ 4 ਜੂਨ 1904 ਨੂੰ ਪਿਤਾ ਲਾਲਾ ਸ਼ਿਬੂ ਮੱਲ ਜੀ ਦੇ ਘਰ ਮਾਤਾ ਮਹਿਤਾਬ ਕੌਰ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਲਾਲਾ ਸ਼ਿੱਬੂ ਮੱਲ ਪਿੰਡ ਦੇ ਸ਼ਾਹੂਕਾਰ ਸੀ, ਜੋ ਸਾਲ ਦਾ 52 ਰੁਪਏ ਇਨਕਮ ਟੈਕਸ ਅਤੇ 200 ਰੁਪਏ ਜ਼ਮੀਨ ਦਾ ਮਾਮਲਾ ਦਿੰਦੇ ਸੀ ।
ਭਗਤ ਪੂਰਨ ਸਿੰਘ ਜੀ ਦਾ ਮੁਢਲਾ ਨਾਮ ਰਾਮਜੀ ਦਾਸ ਸੀ। ਆਪ ਦੇ ਮਾਤਾ ਜੀ ਭਾਵੇਂ ਪੜ੍ਹੇ ਲਿਖੇ ਨਹੀਂ ਸੀ ਪਰ ਬਹੁਤ ਸੂਝਵਾਨ ਅਤੇ ਧਾਰਮਿਕ ਖਿਆਲਾਂ ਵਾਲੀ ਸੀ। ਪਿੰਡ ਵਿਚ ਰਾਮਾਇਣ, ਮਹਾਂ-ਭਾਰਤ ਅਤੇ ਭਗਵਤ ਗੀਤਾ ਦੀ ਕਥਾ ਆਪ ਜੀ ਦੇ ਮਾਤਾ, ਪਿਤਾ ਦੋਵੇਂ ਹੀ ਸੁਨਣ ਜਾਇਆ ਕਰਦੇ ਸਨ। ਭਗਤ ਪੂਰਨ ਸਿੰਘ ਜੀ ਦੇ ਘਰ ਇਕ ਰਿਟਾਇਰਡ ਫੌਜੀ ਆਇਆ ਕਰਦਾ ਸੀ, ਜੋ ਮਾਂ ਨੂੰ ਸਿੱਖੀ ਬਾਰੇ ਬਹੁਤ ਕੁਝ ਦੱਸਦਾ ਰਹਿੰਦਾ ਸੀ ।
ਆਪ ਦੇ ਮਾਤਾ ਜੀ ਰੁੱਖ ਲਗਾਉਣ ਅਤੇ ਉਨ੍ਹਾਂ ਨੂੰ ਪਾਣੀ ਪਾਉਣ ਨੂੰ ਪੁੰਨ ਅਤੇ ਭਲੇ ਦਾ ਕੰਮ ਸਮਝਦੇ ਸਨ ਅਤੇ ਚੌਰਸਤੇ ਵਾਲੀ ਖੂਹੀ ’ਤੇ ਲੱਜ, ਡੋਲ ਨਾਲ ਉਹ ਸਾਰਾ-ਸਾਰਾ ਦਿਨ ਰਾਹੀਆਂ ਅਤੇ ਪਛੂਆਂ ਨੂੰ ਪਾਣੀ ਪਿਆਉਂਦੇ ਰਹਿੰਦੇ। ਇਨ੍ਹਾਂ ਕੰਮਾਂ ਵਿਚ ਆਪਣੇ ਮਾਤਾ ਜੀ ਨਾਲ ਭਗਤ ਜੀ ਵੀ ਹੱਥ ਵਟਾਉਂਦੇ ਸਨ। ਆਪ ਜੀ ਦੇ ਮਾਤਾ ਜੀ ਰਸਤੇ ’ਚ ਖਿੰਡੇ ਹੋਏ ਕੰਡੇ, ਸੂਲਾਂ ਨੂੰ ਸਾਫ ਕਰਨ ਲਈ ਆਪ ਜੀ ਨੂੰ ਕਹਿੰਦੇ ਰਹਿੰਦੇ ਸਨ ਤਾਂ ਕਿ ਕਿਸੇ ਦੇ ਪੈਰਾਂ ਵਿਚ ਨਾ ਚੁੱਭ ਜਾਣ। ਰਸਤੇ ਵਿਚੋਂ ਇੱਟਾਂ, ਰੋੜੇ ਵੀ ਚੁੱਕਦੇ ਤਾਂ ਜੋ ਗੱਡੇ ਦੇ ਪਹੀਏ ਅੱਗੇ ਆਉਣ ਨਾਲ ਬਲਦਾਂ ਦਾ ਜਿਆਦਾ ਜੋਰ ਨਾ ਲੱਗੇ।
ਭਗਤ ਪੂਰਨ ਸਿੰਘ ਨੂੰ ਮਾਤਾ ਜੀ ਇਹ ਵੀ ਆਖਦੀ ਕਿ ਰਸਤੇ ’ਚ ਤੁਰੇ ਜਾਂਦਿਆਂ ਕੀੜੇ-ਮਕੌੜੇ ਵੇਖ ਕੇ ਤੁਰਿਆ ਕਰ ਤਾਂ ਜੋ ਪੈਰਾਂ ਹੇਠ ਆ ਕੇ ਮਰ ਨਾ ਜਾਣ। ਛੱਤ ਉੱਤੇ ਚਿੜੀਆਂ, ਗੁਟਾਰਾਂ, ਕਬੂਤਰਾਂ, ਆਦਿ ਨੂੰ ਚੋਗਾ ਪਾਉਣ ਵੀ ਭੇਜਦੀ। ਇਨ੍ਹਾਂ ਸਾਰੀਆਂ ਗੱਲਾਂ ਨਾਲ ਰਾਮਜੀ ਦਾਸ ਦੇ ਦਿਲ ਵਿਚ ਰੁੱਖਾਂ, ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਪ੍ਰਤੀ ਡੂੰਘੀ ਦਇਆ, ਪਿਆਰ ਅਤੇ ਹਮਦਰਦੀ ਪੈਦਾ ਹੋਈ ਅਤੇ ਨਾਲ ਹੀ ਸੇਵਾ ਅਤੇ ਪਰਉਪਕਾਰ ਦੇ ਭਾਵ ਵੀ ਪੈਦਾ ਹੋਏ ।
ਮਾਂ ਰਾਮਜੀ ਦਾਸ ਨੂੰ ਬਾਣੀ ਦੇ ਰਸੀਏ ਸੰਤ ਬ੍ਰਹਮ ਦਾਸ ਦਾ ਕੀਰਤਨ ਸੁਨਣ ਵੀ ਭੇਜਦੀ ਅਤੇ ਸਵੇਰੇ ਰੋਟੀ ਦੇਣ ਤੋਂ ਪਹਿਲਾਂ ਮੰਦਰ ਮੱਥਾ ਟੇਕਣ ਭੇਜਦੀ । ਰਾਮਜੀ ਦਾਸ ਨੂੰ ਸੰਤਾਂ, ਭਗਤਾਂ, ਮਹਾਂਪੁਰਸ਼ਾਂ ਦੀਆਂ ਸਾਖੀਆਂ ਵੀ ਸੁਣਾਉਂਦੀ ਰਹਿੰਦੀ, ਜਿਸ ਨਾਲ ਧਾਰਿਮਕ ਰੁਚੀ ਪੈਦਾ ਹੋਣੀ ਜਰੂਰੀ ਸੀ ।
ਚਾਹੇ ਸ਼ਿਵ ਮੰਦਰ ਦਾ ਵੈਰਾਗੀ ਸਾਧੂ ਹੋਵੇ ਜਾਂ ਉਦਾਸੀ ਸੰਤ ਜਾਂ ਰਵਿਦਾਸੀਏ ਮਹੰਤ ਜਾਂ ਸਾਰੰਗੀ ਵਾਲਾ ਮੁਸਲਮਾਨ, ਸਭ ਨੂੰ ਰਾਮਜੀ ਤੋਂ ਦੋਵਾਂ ਹੱਥਾਂ ਦੀ ਬੁੱਕ ਭਰ ਕੇ ਆਟਾ, ਦਾਣਾ ਪਵਾਉਂਦੀ, ਜਿਸ ਨਾਲ ਉਸ ਵਿਚ ਹੱਥੋਂ ਕੁਝ ਦੇਣ ਦੀ ਰੁਚੀ ਪੈਦਾ ਹੋਈ ।
ਆਪ ਦੇ ਮਾਤਾ ਜੀ ਆਪ ਜੀ ਨੂੰ ਅਥਾਹ ਪਿਆਰ ਕਰਦੀ ਅਤੇ ਆਪ ਜੀ ਦੇ ਜਨਮ ਦਿਨ ’ਤੇ ਸੱਤ ਕੰਜਕਾਂ (ਦਸ-ਬਾਰਾਂ ਸਾਲ ਦੀਆਂ ਕਵਾਰੀਆਂ ਕੁੜੀਆਂ) ਨੂੰ ਬੁਲਾ ਕੇ ਖਾਣਾ ਖਵਾਉਂਦੀ ਅਤੇ ਖਾਣੇ ਤੋਂ ਪਹਿਲਾਂ ਤੋਂ ਉਨ੍ਹਾਂ ਦੇ ਪੈਰ ਧੁਵਾਉਂਦੀ। ਇਸ ਨਾਲ ਰਾਮਜੀ ਦੇ ਦਿਲ ਵਿਚ ਔਰਤ-ਜਾਤ ਪ੍ਰਤੀ ਬਹੁਤ ਆਦਰ ਪੈਦਾ ਹੋਇਆ ।
ਮਾਤਾ-ਪਿਤਾ ਇਤਨੇ ਸੁਹਿਰਦ ਸਨ ਕਿ ਜਦੋਂ 1905 ਈ. ਵਿਚ ਪਲੇਗ ਪਈ ਤਾਂ ਲੋਕਾਂ, ਜਿਨ੍ਹਾਂ ਨੇ ਚੂਹਿਆਂ ਤੋਂ ਡਰਦਿਆਂ ਖੇਤਾਂ ਵਿਚ ਝੁੱਗੀਆਂ ਪਾ ਲਈਆਂ ਸਨ, ਦੀ ਕੱਲੀ-ਕੱਲੀ ਝੁੱਗੀ ਵਿਚ ਜਾ ਕੇ ਉਨ੍ਹਾਂ ਦਾ ਹਾਲ ਪੁੱਛਦੇ ।
ਸਿੱਖ ਬਣਨ ਦਾ ਖਿਆਲ ਕਿਵੇਂ ਆਇਆ ?
ਭਗਤ ਪੂਰਨ ਸਿੰਘ ਜੀ ਨੇ : 1923ਈ. ਵਿਚ ਦਸਵੀਂ ਦਾ ਇਮਤਿਹਾਨ ਲੁਧਿਆਣੇ ਦਿੱਤਾ। ਵਾਪਸੀ ਉੱਤੇ ਲੁਧਿਆਣੇ ਵਿਖੇ ਹੀ ਇਕ ਸ਼ਿਵਜੀ ਦੇ ਮੰਦਰ ਦਰਸ਼ਨ ਕਰਨ ਚਲੇ ਗਏ । ਮੰਦਰ ਵਿਚ ਆਪ ਜੀ ਨੇ ਠਾਕਰਾਂ ਦੀਆਂ ਮੂਰਤੀਆਂ ਨੂੰ ਮਲ-ਮਲ ਕੇ ਇਸ਼ਨਾਨ ਕਰਾਇਆ, ਸਾਫ਼ ਕੀਤਾ ਅਤੇ ਆਪਣੀ-ਆਪਣੀ ਥਾਂ ’ਤੇ ਟਿਕਾ ਕੇ ਡੰਡਉਤ ਬੰਦਨਾ ਕੀਤੀ । ਇਹ ਵੇਖ ਕੇ ਮੰਦਰ ਦਾ ਪੁਜਾਰੀ ਬੜਾ ਪ੍ਰਭਾਵਤ ਹੋਇਆ। ਉਸ ਮੰਦਰ ਵਿਚ ਸੰਸਕ੍ਰਿਤ ਪੜ੍ਹਨ ਵਾਲੇ ਪੰਜ ਵਿਦਿਆਰਥੀ ਵੀ ਸਨ ।
ਠਾਕਰਾਂ ਦੀ ਸੇਵਾ ਵੇਖ ਵਿਦਿਆਰਥੀ ਵੀ ਹੈਰਾਨ ਹੋਏ। ਇੰਨੇ ਨੂੰ ਰੋਟੀ ਖਾਣ ਦਾ ਸਮਾਂ ਵੀ ਹੋ ਗਿਆ ਅਤੇ ਪੁਜਾਰੀ ਅਤੇ ਵਿਦਿਆਰਥੀ ਰੋਟੀ ਖਾਣ ਲਈ ਬੈਠ ਗਏ । ਭਗਤ ਪੂਰਨ ਸਿੰਘ ਜੀ ਵੀ ਪੰਗਤ ਵਿਚ ਉਨ੍ਹਾਂ ਦੇ ਨਾਲ ਹੀ ਬੈਠ ਗਏ , ਪਰ ਪੁਜਾਰੀ ਨੇ ਆਪ ਜੀ ਨੂੰ ਬਾਂਹ ਤੋਂ ਫੜ ਕੇ ਉਠਾ ਦਿੱਤਾ। ਇਸ ਨਾਲ ਆਪ ਜੀ ਦੇ ਦਿਲ ਨੂੰ ਬਹੁਤ ਠੇਸ ਲੱਗੀ ਅਤੇ ਜੇਬ ਵਿਚ ਪੈਸੇ ਨਾ ਹੋਣ ਕਾਰਨ, ਭਗਤ ਪੂਰਨ ਸਿੰਘ ਜੀ ਭੁੱਖਣ-ਭਾਣੇ , ਪੈਦਲ ਹੀ, ਖੰਨੇ ਵੱਲ ਤੁਰ ਪਏ । ਰਸਤੇ ਵਿਚ ਹਨੇਰਾ ਪੈ ਜਾਣ ਕਰਕੇ ਰਾਤ ਇਕ ਜ਼ਿਮੀਂਦਾਰ ਦੇ ਘਰ ਕੱਟੀ ਅਤੇ ਅਗਲੇ ਦਿਨ ਗੁਰਦੁਆਰਾ ਰੇਰੂ ਸਾਹਿਬ ਪਹੁੰਚ ਗਏ । ਉੱਥੇ ਮਿੱਠੀ ਅਤੇ ਗਾੜ੍ਹੀ ਲੱਸੀ ਵਰਤਾਈ ਜਾ ਰਹੀ ਸੀ। ਜਿਹੜੀ ਚਾਹ ਵਰਤਾਈ ਜਾ ਰਹੀ ਸੀ, ਉਹ ਇੰਜ ਸੀ, ਜਿਵੇਂ ਨਿਰਾ ਦੁੱਧ ਹੀ ਹੋਵੇ। ਦਸ ਕੁ ਵਜੇ ਗੁਰੂ ਕਾ ਲੰਗਰ ਵਰਤਿਆ, ਜਿਸ ਵਿਚ ਗੁੜ ਵਾਲੇ ਚੌਲ, ਦੇਸੀ ਘਿਓ ਵਾਲੀ ਦਾਲ ਅਤੇ ਲੋਹ ਦੇ ਪ੍ਰਸ਼ਾਦੇ ਸਨ । ਸੇਵਾਦਾਰ ਬੜੇ ਪਿਆਰ ਨਾਲ ਕਹਿ ਰਹੇ ਸਨ, “ਪਰਸ਼ਾਦਾ ਲਉ ਗੁਰਮੁਖੋ, ਚੌਲ ਲਉ ਪਿਆਰਿਓ, ਦਾਲ ਲਉ ਗੁਰਮੁਖੋ’, ਆਦਿ। ਭਗਤ ਜੀ ਇਹ ਸੁਣ ਕੇ ਬਹੁਤ ਹੈਰਾਨ ਹੋਏ |
ਬਾਅਦ ਦੁਪਹਿਰ ਤਿੰਨ ਕੁ ਵਜੇ ਫ਼ੌਜ ’ਚੋਂ ਛੁੱਟੀ ਆਏ ਪੰਜ-ਸੱਤ ਫ਼ੌਜੀ ਸਿੱਖ ਨੌਜਵਾਨ ਸੰਤ ਅਤਰ ਸਿੰਘ ਜੀ ਪਾਸ ਬੈਠੇ ਸਤਿਸੰਗ ਕਰ ਰਹੇ ਸਨ, ਜੋ ਇਕ ਪਰਿਵਾਰਕ ਝਲਕ ਜਾਪਦੀ ਸੀ। ਸ਼ਾਮ ਵੇਲੇ ਕੀਰਤਨ ਹੋਇਆ। ਰਹਰਾਸਿ ਦੇ ਪਾਠ ਤੇ ਅਰਦਾਸ ਨੇ ਤਾਂ ਅੱਪ ਜੀ ਦੇ ਹਿਰਦੇ ਨੂੰ ਹਰਾ-ਭਰਾ ਕਰ ਦਿੱਤਾ। ਗੁਰਦੁਆਰਾ ਸਾਹਿਬ ਵਿਚ ਜਿਹੜੇ ਸਿੰਘ ਗਊਆਂ ਅਤੇ ਬਲਦਾਂ ਦੀ ਸੇਵਾ ਕਰ ਰਹੇ ਸਨ , ਉਨ੍ਹਾਂ ਦੱਸਿਆਂ ਕਿ ਉਹ ਤਨਖ਼ਾਹ ਨਹੀਂ ਲੈਂਦੇ ਅਤੇ ਉਨ੍ਹਾਂ ਆਪਣਾ ਜੀਵਨ ਗੁਰਦੁਆਰੇ ਨੂੰ ਸੇਵਾ ਲਈ ਅਰਪਨ ਕੀਤਾ ਹੋਇਆ ਹੈ। (ਉਧਰ ਭਗਤ ਪੂਰਨ ਜੀ ਨੂੰ ਫ਼ਿਕਰ ਸੀ ਕਿ ਹੋਸਟਲ ਵਿਚ ਤਾਂ ਇਮਤਿਹਾਨ ਦੇਣ ਪਿੱਛੋਂ ਕਿਸੇ ਨੇ ਮੈਨੂੰ ਰਹਿਣ ਨਹੀਂ ਦੇਣਾ ਅਤੇ ਘਰ ਉਸ ਦਾ ਪਹਿਲਾਂ ਹੀ ਉੱਜੜ ਚੁਕਾ ਸੀ। ਹੁਣ, ਉਹ ਰਹੇਗਾ ਕਿੱਥੇ?) ਬੱਸ, ਉਨ੍ਹਾਂ ਸਿੰਘਾਂ ਦੀ ਗੱਲ ਸੁਣ ਕੇ ਉਸ ਨੇ ਮਹਿਸੂਸ ਕੀਤਾ ਕਿ ਇਕ ਅਜਿਹਾ ਘਰ ਵੀ ਸੰਸਾਰ ਵਿਚ ਹੈ ਜੋ ਕਦੇ ਉਜੜਦਾ ਨਹੀਂ ਅਤੇ ਜਿਸ ਵਿਚ ਖਾਣ ਪੀਣ ਅਤੇ ਬਸਤਰ ਅਦਿ ਸਾਧਨਾਂ ਦੀ ਕੋਈ ਕਮੀਂ ਨਹੀਂ ਅਤੇ ਜਿਸ ਵਿਚ ਪ੍ਰਵੇਸ਼ ਕਰ ਕੇ ਕੋਈ ਨੌਜਵਾਨ ਸੰਸਾਰ ਵਿਚ ਆਪਣੇ ਵਧਣ-ਫੁੱਲਣ ਦਾ ਰਾਹ ਲੱਭ ਸਕਦਾ ਹੈ।
ਆਪ ਜੀ ਨੂੰ ਲੱਗਾ ਕਿ ਹੁਣ ਉਹ ਥਾਂ ਲੱਭ ਗਈ ਹੈ, ਜਿਸ ਦੀ ਉਸ ਨੂੰ ਆਪਣੇ ਜੀਵਨ ਦੇ ਵਿਕਾਸ ਲਈ ਲੋੜ ਸੀ ਅਤੇ ਜਿਸ ਨਾਲ ਸੰਬੰਧ ਜੋੜ ਕੇ ਬੰਦਾ ਆਪਣੀਆਂ ਸਰੀਰ, ਬੁੱਧੀ ਅਤੇ ਹਿਰਦੇ ਦੀਆਂ ਸ਼ਕਤੀਆਂ ਦੇ ਵਿਕਾਸ ਅਤੇ ਵਰਤੋਂ ਬਾਰੇ ਸੋਚ-ਵਿਚਾਰ ਲਈ ਸਮਾਂ ਪ੍ਰਾਪਤ ਕਰ ਸਕਦਾ ਹੈ ਕਿ ਕਿਹੜੇ-ਕਿਹੜੇ ਕਾਰਜ ਸੰਸਾਰ ਵਿਚ ਕੀਤੇ ਜਾਣੇ ਚਾਹੀਦੇ ਹਨ ਜੋ ਨਹੀਂ ਹੋ ਰਹੇ ਅਤੇ ਉਨ੍ਹਾਂ ਨੂੰ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ । ਸੋ ਗੁਰਦੁਆਰਾ ਰੇਰੂ ਸਾਹਿਬ ਵਿਚ ਗੁਜ਼ਾਰੇ ਇਕ ਦਿਨ ਅਤੇ ਇਕ ਰਾਤ ਅਤੇ ਲੁਧਿਆਣੇ ਦੇ ਸ਼ਿਵਜੀ ਦੇ ਮੰਦਰ ਵਿਚ ਬਿਤਾਏ ਕੁਝ ਘੰਟੇ ਭਗਤ ਪੂਰਨ ਸਿੰਗਭ ਜੀ ਦੇ ਜੀਵਨ ਵਿਚ ਪਰਿਵਰਤਨ ਲਿਆਉਣ ਵਾਲੇ ਸਿੱਧ ਹੋਏ ।
ਜੋੜ-ਮੇਲ ਉੱਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਦੀ ਯਾਤਰਾ: ਇਸ ਤੋਂ ਪਹਿਲਾਂ ਭਗਤ ਪੂਰਨ ਸਿੰਘ ਜੀ ਨੇ 1918 ਦੇ ਨੇੜੇ-ਤੇੜੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ-ਮੇਲ ’ਤੇ ਫ਼ਤਹਿਗੜ੍ਹ ਸਾਹਿਬ ਵਿਖੇ ਮਹਾਰਾਜਾ ਪਟਿਆਲਾ ਦੇ ਏ.ਡੀ.ਸੀ. ਨੂੰ ਸਿੱਖੀ ਸਰੂਪ—ਸਵਾਰ ਕੇ ਬੱਧੀ ਹੋਈ ਦਾੜ੍ਹੀ ਅਤੇ ਦੋਹਰੀ ਸਜਾਈ ਹੋਈ ਦਸਤਾਰ—ਵਿੱਚ ਵੇਖਿਆ ਸੀ, ਜਿਸਨੂੰ ਆਪ ਜੀ ਨੇ ਗੁਰਸਿੱਖੀ ਦੇ ਸੱਭਿਆਚਾਰ ਦੀ ਸੁੰਦਰਤਾ ਦੀ ਪਹਿਲੀ ਝਲਕ ਆਖਿਆ ਸੀ ਅਤੇ ਮਾਂ ਕੋਲ ਪੁਹੰਚ ਕੇ ਆਪ ਜੀ ਨੇ ਸਿੱਖ ਬਨਣ ਦੀ ਇੱਛਾ ਪ੍ਰਗਟਾਈ ਸੀ । ਮਾਂ ਨੇ ਕਿਹਾ ਸੀ ਕਿ ਦਸਵੀਂ ਤਕ ਠਹਿਰ ਜਾਹ ਫਿਰ ਕੇਸ ਰੱਖ ਲਵੀਂ ।
ਗੁਰਸਿਖੀ ਦੀ ਇਸ ਪਹਿਲੀ ਝਲਕ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਨੇ ਆਪਣੇ ਸ਼ਬਦਾਂ ਵਿਚ ਬਿਆਨ ਕੀਤਾ ਹੈ |
*“ਸ਼ਹੀਦੀ ਜੋੜ-ਮੇਲੇ ਦੇ ਅੰਤਲੇ ਦਿਹਾੜੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਸ਼ਹੀਦੀ ਜਲੂਸ ਨਿਕਲਿਆ ਸੀ ਜਿਸ ਵਿਚ ਗੁਰਪੁਰਬ ਦੀ ਸਾਰੀ ਸੰਗਤ ਸਾਹਿਬਜ਼ਾਦਿਆ ਦੇ ਸਸਕਾਰ ਦੇ ਅਸਥਾਨ, ਗੁਰਦੁਆਰਾ ਜੋਤੀ ਸਰੂਪ, ਨੂੰ ਗਈ । ……… ਉਥੇ ਮੈਂ ਉਹ ਅਸਥਾਨ ਵੇਖਿਆ ਜਿੱਥੇ ਸ਼ਹੀਦ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਮ੍ਰਿਤਕ ਸਰੀਰਾਂ ਦਾ ਸਸਕਾਰ ਕੀਤਾ ਗਿਆ ਸੀ । ਉਸ ਅਸਥਾਨ ਦੇ ਦਰਸ਼ਨ ਕਰਦਿਆਂ ਹੀ ਮੇਰਾ ਹਿਰਦਾ ਥਰਥਰਾ ਗਿਆ ਅਤੇ ਮੈਂ ਉਸ ਅਸਥਾਨ ਵਿਚੋਂ ਇਕ ਅਜਿਹੀ ਗੁਪਤ ਲਹਿਰ ਨਿਕਲਦੀ ਅਨੁਭਵ ਕੀਤੀ ਜਿਹੜੀ ਇਕ ਬੰਦੇ ਦੇ ਮਨ ਨੂੰ ਇਕਾਗਰ ਕਰਕੇ ਇਹ ਦੱਸ ਰਹੀ ਹੋਵੇ ਕਿ ਤੂੰ ਸੰਸਾਰ ਵਿਚ ਕਿਸ ਲਈ ਆਇਆ ਹੈਂ ਅਤੇ ਇਕ ਮਨੁਖ ਦੇ ਤੌਰ ’ਤੇ ਤੇਰੇ ਕੀ-ਕੀ ਕਰਤੱਵ ਹੋ ਸਕਦੇ ਹਨ ? ਉਹ ਕਰਤੱਵ ਕਿੰਨੇੇ ਵਡੇ ਹੋ ਸਕਦੇ ਹਨ ਜਿਨ੍ਹਾਂ ਨੂੰ ਪੂਰਨ ਕਰਨਾ ਹੀ ਜੀਵਨ ਦੇ ਮਨੋਰਥ ਨੂੰ ਪ੍ਰਾਪਤ ਕਰਨਾ ਅਤੇ ਸਦਾ ਲਈ ਅਮਰ ਹੋਣਾ ਹੈ ।”
ਲਾਹੌਰ ਵਿਚ (1924-1947): ਆਪ ਜੀ ਦਸਵੀਂ ਜਮਾਤ ਵਿਚੋਂ ਫ਼ੇਲ੍ਹ ਹੋ ਗਏ ਸੀ ਪਰ ਆਪ ਦੇ ਮਾਤਾ ਜੀ , ਜਿਸ ਨੇ ਮਿੰਟਗੁਮਰੀ ਤੋਂ ਲਾਹੌਰ ਆ ਕੇ ਸਰ ਗੰਗਾ ਰਾਮ ਹਸਪਤਾਲ ਵਿਚ ਨੌਕਰੀ ਕਰ ਲਈ ਸੀ, ਨੇ ਲਾਹੌਰ ਬੁਲਾ ਕੇ ਸ.ਬ. ਖਾਲਸਾ ਹਾਈ ਸਕੂਲ ਤੋਂ ਮੁੜ ਦਸਵੀਂ ਦਾ ਇਮਤਿਹਾਨ ਦਿਵਾਇਆ । ਇਮਤਿਹਾਨ ਤੱਕ ਆਪ ਜੀ ਸਕੂਲ ਦੇ ਹੋਸਟਲ ਵਿਚ ਹੀ ਰਿਹਾ ਕਰਦੇ ਸਨ । ਇਮਤਿਹਾਨ ਤੋਂ ਪਿੱਛੋਂ ਹਰਨਾਮ ਸਿੰਘ ਆਟੇ ਵਾਲੇ ਨੇ, ਜਿਨ੍ਹਾਂ ਦੇ ਘਰ ਭਗਤ ਪੂਰਨ ਸਿੰਘ ਜੀ ਦੇ ਮਾਤਾ ਜੀ ਨੇ ਹੁਣ ਨੌਕਰੀ ਕਰ ਲਈ ਸੀ, ਆਪ ਜੀ ਨੂੰ ਆਪਣੇ ਘਰ ਵਿਚ ਹੀ ਰੱਖ ਲਿਆ ਅਤੇ ਕਿਹਾ, “ਨਤੀਜੇ ਤੱਕ ਤੂੰ ਗੁਰਦੁਆਰਾ ਡੇਹਰਾ ਸਾਹਿਬ ਚਲਾ ਜਾਇਆ ਕਰ, ਉੱਥੇ ਹੱਥਾਂ ਦੀ ਅਨੇਕ ਪ੍ਰਕਾਰ ਦੀ ਸੇਵਾ ਕਰਿਆ ਕਰ ਅਤੇ ਸ਼ਾਮ ਨੂੰ ਘਰ ਆ ਜਾਇਆ ਕਰ । ਜਿਸ ਬੰਦੇ ਨੇ ਵੀ ਕੁਝ ਪ੍ਰਾਪਤ ਕੀਤਾ ਹੈ, ਉਹ ਉਸ ਨੇ ਗੁਰੂ ਘਰ ਤੋਂ ਹੀ ਪ੍ਰਾਪਤ ਕੀਤਾ ਹੈ।”
ਇੰਜ ਉਹ ਗੁਰਦੁਆਰਾ ਡੇਹਰਾ ਸਾਹਿਬ ਜਾਣ ਲਗ ਪਿਆ। ਇੱਥੇ ਹੀ ਆਪ ਜੀ ਦਾ ਨਾਮ ਭਗਤ ‘ਪੂਰਨ ਸਿੰਘ’ ਰੱਖਿਆ ਗਿਆ ਅਤੇ ਪਿੱਛੋਂ ਪੰਥ ਦੇ ਗਿਆਨੀ ਕਰਤਾਰ ਸਿੰਘ ਨੇ ਨਾਲ ‘ਭਗਤ’ ਜੋੜ ਦਿੱਤਾ । ਇੰਜ ਆਪ ਜੀ ਰਾਮਜੀ ਦਾਸ ਤੋਂ ‘ਭਗਤ ਪੂਰਨ ਸਿੰਘ’ ਬਣ ਗਏ ।
ਉਨ੍ਹਾਂ ਦੀ ਮਾਂ ਸ. ਹਰਨਾਮ ਸਿੰਘ ਦੇ ਲੜਕੇ ਸ. ਹਰੀ ਸਿੰਘ ਨੂੰ ਕਹਿੰਦੀ ਰਹਿੰਦੀ ਸੀ ਕਿ ਆਪਣੇ ਬੈਂਕ ਵਿਚ ਪੂਰਨ ਸਿੰਘ ਨੂੰ ਨੌਕਰੀ ਦੇ ਦੇਵੇ । ਪਰ ਸ. ਹਰਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀ, “ਅਸੀਂ ਪੂਰਨ ਸਿੰਘ ਨੂੰ ਆਪਣਾ ਨੌਕਰ ਨਹੀਂ ਰੱਖ ਸਕਦੇ, ਇਸ ਤੋਂ ਗੁਰੂ ਨੇ ਆਪਣੇ ਕੰਮ ਲੈਣੇ ਹਨ ।” ਸ. ਹਰਨਾਮ ਸਿੰਘ ਨੇਆਪ ਜੀ ਦੀ ਮਾਤਾ ਨੂੰ ਵੀ ਇਹ ਕਹਿ ਦਿੱਤਾ ਸੀ, “ਬੀਬੀ ! ਤੇਰਾ ਪੁੱਤਰ ਵੱਡਾ ਆਦਮੀ ਬਣੇਗਾ ।”
ਗੁਰਦੁਆਰਾ ਡੇਹਰਾ ਸਾਹਿਬ ਵਿਚ ਕੰਮ ਕਰਦਿਆਂ ਵੇਖ ਕੇ ਮਹੰਤ ਤੇਜਾ ਸਿੰਘ ਨੇ ਪੂਰਨ ਸਿੰਘ ਨੂੰ ਬਹੁਤ ਪਿਆਰ ਅਤੇ ਉਤਸ਼ਾਹ ਦਿੱਤਾ । ਉਹ ਇਸ਼ਨਾਨ ਦੀਆਂ ਟੂਟੀਆਂ ਦੀ ਹਲਟੀ ਜੁੱਪੇ ਝੋਟੇ ਨੂੰ ਹੱਕਦੇ, ਪੱਠੇ ਪਾਉਂਦੇ, ਲੰਗਰ ਦੇ ਜੂਠੇ ਭਾਂਡੇ ਮਾਂਜਦੇ, ਤੱਪੜ ਵਿਛਾਉਂਦੇ, ਯਾਤਰੂਆਂ ਦੇ ਰਾਤ ਸੌਣ ਦੇ ਪ੍ਰਬੰਧ ਦੀ ਦੇਖ-ਭਾਲ ਕਰਦੇ, ਬੇ-ਆਸਰੇ ਰੋਗੀਆਂ ਅਤੇ ਅਪਾਹਜਾਂ ਦੀ ਸੇਵਾ-ਸੰਭਾਲ ਕਰਦੇ, ਉਨ੍ਹਾਂ ਨੂੰ ਹਸਪਤਾਲ ਲੈ ਕੇ ਜਾਂਦੇ ਅਤੇ ਦਵਾਈਆਂ ਦਾ ਪ੍ਰਬੰਧ ਕਰਦੇ। ਜੋੜਿਆਂ ਅਤੇ ਸਾਈਕਲ ਸਟੈਂਡ ਦੀ ਸੇਵਾ ’ਤੇ ਬੈਠਦੇ ਅਤੇ ਨਾਲੋ-ਨਾਲ ਕੀਰਤਨ ਵੀ ਸੁਣਦੇ ਰਹਿੰਦੇ । ਜਦੋਂ ਇਨ੍ਹਾਂ ਕੰਮਾਂ ਤੋਂ ਵਿਹਲ ਮਿਲਦੀ, ਲਾਇਬ੍ਰੇਰੀਆਂ ਵਿਚ ਜਾ ਕੇ ਅਖ਼ਬਾਰਾਂ, ਰਸਾਲੇ ਅਤੇ ਕਿਤਾਬਾਂ ਪੜ੍ਹਦੇ ਅਤੇ ਗਿਆਨ ਪ੍ਰਾਪਤ ਕਰਦੇ ਰਹਿੰਦੇ । ਉਹ ਸਰਦੇ-ਪੁੱਜਦੇ ਬੰਦਿਆਂ ਕੋਲੋਂ ਪੈਸੇ ਮੰਗ ਕੇ ਗਰੀਬ ਅਤੇ ਲੋੜਵੰਦ ਵਿਿਦਆਰਥੀਆਂ ਦੀ ਮਦਦ ਵੀ ਕਰਦੇ।
ਭਗਤ ਪੂਰਨ ਸਿੰਘ ਨੇ ਆਬਾਦੀ ਦੇ ਵਾਧੇ, ਅੰਨ-ਸੰਕਟ, ਜੰਗਲਾਂ ਦੀ ਅੰਧਾ-ਧੁੰਦ ਕਟਾਈ, ਵਾਤਾਵਰਨ ਦੇ ਦੂਸ਼ਿਤ ਹੋਣ, ਪੈਟਰੌਲ, ਡੀਜ਼ਲ, ਕੋਲੇ ਦੀ ਬੇਤਹਾਸ਼ਾ ਖਪਤ, ਧਰਤੀ ਦੇ ਖੋਰੇ, ਡੈਮਾਂ ਦੇ ਭਰਨ, ਸਮਾਜਿਕ ਬੁਰਾਈਆਂ, ਬੇ-ਰੋਜ਼ਗਾਰੀ ਆਦਿ ਦੇ ਮਾੜੇ ਅਸਰਾਂ ਬਾਰੇ ਵੀ ਗਿਆਨ ਪ੍ਰਾਪਤ ਕੀਤਾ ਅਤੇ ਸੋਚਣਾ ਸ਼ੁਰੂ ਕੀਤਾ । ਇਸ ਦੇ ਫਲਸਰੂਪ ਹੀ ਉਨ੍ਹਾਂ ਨੇ ਪਿੰਗਲਵਾੜਾ ਵਿਚ ਛਾਪਾਖ਼ਾਨਾ ਲਾ ਕੇ ਇਨ੍ਹਾਂ ਵਿਿਸ਼ਆਂ ’ਤੇ ਚੋਣਵਾਂ ਸਾਹਿਤ ਛਾਪਿਆ ਅਤੇ ਲੋਕਾਂ ਵਿਚ ਮੁਖਤ ਵੰਡਿਆ ।
ਸੰਸਥਾ ਬਣਾਉਣ ਦੀ ਕਲਪਨਾ :
ਭਗਤ ਜੀ ਆਪ ਲਿਖਦੇ ਹਨ, “ਬੇਆਸਰੇ ਰੋਗੀਆਂ ਦੀ ਦੁਰਦਸ਼ਾ ਨੂੰ ਵੇਖ ਕੇ ਜਿੱਥੇ ਮੇਰੇ ਦਿਲ ਵਿਚ ਇਹ ਖ਼ਿਆਲ ਪੈਦਾ ਹੋਇਆ ਕਰਦਾ ਕਿ ਮੈਂ ਇਨ੍ਹਾਂ ਲਈ ਇਕ ਅਜਿਹੀ ਸੰਸਥਾ ਬਣਾਵਾਂ, ਜਿਹੜੀ ਇਨ੍ਹਾਂ ਨੂੰ ਸੰਭਾਲੇ, ਸਰਕਾਰੀ ਹਸਪਤਾਲਾਂਤੋਂ ਇਲਾਜ ਕਰਾਏ, ਉੱਥੇ ਮੈਨੂੰ ਇਹ ਖ਼ਿਆਲ ਵੀ ਪੈਦਾ ਹੋਇਆ ਕਰਦਾ ਕਿ ਮੈਂ ਹੋਰਨਾਂ ਦੇਸ਼ਾਂ ਦੀਆਂ ਪੁਸਤਕਾਂ ਅਤੇ ਰਸਾਲੇ ਪੜ੍ਹ ਕੇ ਇਹ ਪਤਾ ਕਰਾਂ ਕਿ ਅਗਾਂਹ-ਵਧੂ ਦੇਸ਼ਾਂ ਨੇ ਅਜਿਹੇ ਮਸਲੇ ਹੱਲ ਕਰਨ ਲਈ ਕੀ ਕੁਝ ਸੋਚਿਆ ਅਤੇ ਕੀ ਕੁਝ ਕੀਤਾ ਹੈ ।”
ਮਾਂ ਦੀ ਮੌਤ : 23 ਜੂਨ 1930 ਨੂੰ ਆਪ ਜੀ ਦੇ ਮਾਤਾ ਜੀ ਦੀ , ਢਾਈ ਸਾਲ ਬੀਮਾਰ ਰਹਿਣ ਉਪਰੰਤ, ਛੇਹਰਟਾ ਸਾਹਿਬ ਦੇ ਗੁਰਦੁਆਰੇ ਦੀ ਹੱਦ ਅੰਦਰ ਮੌਤ ਹੋ ਗਈ । ਆਪ ਜੀ ਬਹੁਤ ਕੱਲੇ-ਕੱਲੇ ਮਹਿਸੂਸ ਕਰਨ ਲੱਗੇ । ਨਾਲ ਹੀ ਮਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਪ੍ਰਾਣੀ-ਮਾਤਰ (ਦੁਖੀ ਤੇ ਬੇ-ਸਹਾਰਾ ਮਨੁੱਖਤਾ) ਦੀ ਸੇਵਾ ਕਰਨ ਬਾਰੇ ਗੰਭੀਰਤਾ ਨਾਲ ਸੋਚਣ, ਪੜ੍ਹਨ ਅਤੇ ਕੰਮ ਕਰਨ ਜੁੱਟ ਪਏ ।
ਪਿੰਗਲਵਾੜੇ ਦੀ ਨੀਂਹ : ਸੰਨ 1934 ਵਿਚ ਇਕ ਚਾਰ ਕੁ ਸਾਲ ਦਾ ਅਪੰਗ (ਲੂਲ੍ਹਾ) ਬੱਚਾ ਸਵੇਰੇ ਦੇ ਹਨੇਰੇ ਵਿਚ ਗੁਰਦੁਆਰਾ ਡੇਹਰਾ ਸਾਹਿਬ ਦੇ ਸਾਹਮਣੇ ਚੋਰੀਉਂ ਹੀ ਕੋਈ ਛੱਡ ਗਿਆ ਸੀ । ਇਸ ਬੱਚੇ ਦੀ ਮਾਂ ਚਾਰ ਕੁ ਮਹੀਨੇ ਪਹਿਲਾਂ ਮਰ ਗਈ ਸੀ ਅਤੇ ਪਿਤਾ ਇਸ ਨੂੰ ਚਾਰ ਕੁ ਮਹੀਨੇ ਸੰਭਾਲਣ ਪਿੱਛੋਂ, ਜਿਸ ਜੱਟ ਦੇ ਘਰ ਉਹ ਸੀਰੀ ਸੀ, ਉਸ ਦੇ ਘਰ ਬੱਚੇ ਨੂੰ ਛੱਡ ਕੇ ਆਪ ਅਲੋਪ ਹੋ ਗਿਆ ਸੀ । ਪਿਤਾ ਦੀ ਕੁਝ ਦਿਨ ਉਡੀਕ ਕਰਨ ਉਪਰੰਤ, ਦੋ ਜ਼ਿਮੀਦਾਰ ਬੱਚੇ ਨੂੰ ਅੰਮ੍ਰਿਤਸਰ ਅਤੇ ਲਾਹੌਰ ਦੇ ਯਤੀਮ-ਖ਼ਾਨਿਆਂ ਵਿਚ ਲਈ ਫਿਰਦੇ ਰਹੇ ਪਰ ਕਿਉਂਕਿ ਬੱਚਾ ਆਪਣੀ ਕਿਰਿਆ ਆਪ ਸੋਧਣ ਦੇ ਯੋਗ ਨਹੀਂ ਸੀ, ਸਾਰੇ ਪਾਸਿਉਂ ਨਾਂਹ ਹੋ ਗਈ । ਅੰਤ ਵਿਚ ਉਹ ਬੱਚੇ ਨੂੰ ਲੈ ਕੇ ਗੁਰਦੁਆਰਾ ਡੇਹਰਾ ਸਾਹਿਬ ਆਏ । ਪਰੰਤੂ ਇੱਥੇ ਵੀ ਬੱਚਾ ਰੱਖਣ ਦਾ ਕੋਈ ਪ੍ਰਬੰਧ ਨਹੀਂ ਹੋ ਸਕਦਾ ਸੀ ।
ਉਹ ਜ਼ਿਮੀਂਦਾਰ ਰਾਤ ਗੁਰਦੁਆਰਾ ਸਾਹਿਬ ਵਿਚ ਠਹਿਰੇ ਅਤੇ ਤੜ੍ਹਕੇ ਹਨੇਰੇ ਵਿਚ ਬੱਚੇ ਨੂੰ ਛੱਡ ਕੇ ਆਪ ਚਲਦੇ ਬਣੇ। ਬੱਚੇ ਨੂੰ ਖਾਣ-ਪੀਣ ਨੂੰ ਤਾਂ ਸਭ ਦਿੰਦੇ ਪਰ ਸਾਂਭਣ ਨੂੰ ਕੋਈ ਅੱਗੇ ਨਾ ਆਇਆ । ਜਦੋਂ ਬੱਚਾ ਬਦ-ਹਜ਼ਮੀ ਨਾਲ ਬੀਮਾਰ ਹੋ ਗਿਆ ਅਤੇ ਆਪਣੇ ਹੀ ਮਲ-ਮੂਤਰ ਨਾਲ ਲਿਬੱੜ-ਤਿੱਬੜ ਗਿਆ ਤਾਂ ਗੁਰਦੁਆਰਾ ਡੇਹਰਾ ਸਾਹਿਬ ਦੇ ਹੈੱਡ ਗ੍ਰੰਥੀ, ਜਥੇਦਾਰ ਅੱਛਰ ਸਿੰਘ, ਨੇ ਅਰਦਾਸ ਕਰ ਕੇ ਇਹ ਬੱਚਾ ਭਗਤ ਜੀ ਦੇ ਹਵਾਲੇ ਕਰ ਦਿੱਤਾ ਅਤੇ ਆਖਿਆ, “ਪੂਰਨ ਸਿੰਘਾ ! ਤੂੰ ਹੀ ਇਸ ਦੀ ਸੇਵਾ-ਸੰਭਾਲ ਕਰ ।” ਅਤੇ ਇੰਜ ਉਸ ਦਿਨ ਹੀ ਜਾਣੋ ਪਿੰਗਲਵਾੜੇ ਦੀ ਨੀਂਹ ਰੱਖੀ ਗਈ ।
ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਵਿਚ (18-08-1947): ਦੇਸ਼ ਦੀ ਵੰਡ ਸਮੇਂ ਉਹ 18 ਅਗਸਤ 1947 ਨੂੰ ਲਾਹੌਰ ਤੋਂ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਰਿਫਿਊਜੀ ਕੈਂਪ ਵਿਚ ਪਹੁੰਚੇ । ਉਨ੍ਹਾਂ ਨਾਲ ਇਕ ਮਰੀਜ਼ (ਇਕ ਮਰਨਾਊ ਬੁੱਢਾ), ਪਿੱਠ ਉੱਤੇ ਸਤਾਰਾਂ ਵਰ੍ਹਿਆਂ ਦਾ ਪਿਆਰਾ ਸਿੰਘ ਅਤੇ ਜੇਬ ਵਿਚ ਇਕ ਰੁਪਈਆ ਪੰਜ ਆਨੇ ਸਨ । ਉੱਤੇ-ਤੇੜ ਦੇ ਕੱਪੜਿਆਂ ਤੋਂ ਬਿਨਾਂ ਉਨ੍ਹਾਂ ਕੋਲ ਹੋਰ ਕੁਝ ਵੀ ਨਹੀਂ ਸੀ । ਕੈਂਪ ਵਿਚ ਰਿਫਿਊਜੀ ਆਉਂਦੇ ਅਤੇ ਅੱਗੇ ਤੁਰੀ ਜਾਂਦੇ । ਇਨ੍ਹਾਂ ਦੀ ਗਿਣਤੀ 23,000 ਤੋਂ 25,000 ਦੇ ਵਿਚ-ਵਿਚ ਰਹਿੰਦੀ । ਇਨ੍ਹਾਂ ਵਿਚ ਕਈ ਬੇ-ਆਸਰੇ ਰੋਗੀ, ਅਪਾਹਜ ਅਤੇ ਬੁੱਢੇ ਵੀ ਹੁੰਦੇ।
ਭਗਤ ਜੀ ਨੇ ਇਨ੍ਹਾਂ ਨੂੰ ਸਾਂਭਣ ਦੀ ਜ਼ਿੰਮੇਵਾਰੀ ਆਪਣੇ ਸਿਰ ਆਪ ਹੀ ਲੈ ਲਈ ਸੀ । ਇਹ ਕੈਂਪ 31-12-1947 ਤਕ ਰਿਹਾ ਅਤੇ ਇਸ ਦੇ ਕਮਾਡੈਂਟ ਪ੍ਰਿੰਸੀਪਲ ਜੋਧ ਸਿੰਘ ਸਨ । ਕੈਂਪ ਖਤਮ ਹੋਣ ਤੱਕ ਭਗਤ ਜੀ ਦੇ ਮਰੀਜ਼ਾਂ ਦੀ ਗਿਣਤੀ ਸੱਤ-ਅੱਠ ਹੋ ਚੁੱਕੀ ਹੋਈ ਸੀ।
ਖ਼ਾਲਸਾ ਕਾਲਜ ਤੋਂ ਨਿਕਲ ਕੇ ਚੀਫ਼ ਖ਼ਾਲਸਾ ਦੀਵਾਨ ਦੇ ਅੱਗੇ, ਰੇਲਵੇ ਸਟੇਸ਼ਨ ਦੀ ਸੜਕ ਦੇ ਕੰਢੇ ਅਤੇ 01-10-1948 ਤੋਂ ਹਸਪਤਾਲ ਦੇ ਬੂਹੇ ਅੱਗੇ, ਰਾਮ ਬਾਗ ਦੇ ਦਰਵਾਜ਼ੇ ਦੇ ਲਾਗੇ, ਬੋਹੜ ਦੇ ਹੇਠਾਂ, ਭਗਤ ਜੀ ਨੇ ਆਪਣੇ ਮਰੀਜ਼ਾਂ,ਅਪਾਹਜਾਂ ਸਮੇਤ ਡੇਰਾ ਲਾਇਆ । ਇੰਜ ਡੇਢ ਸਾਲ ਤੁਰਦੇ-ਫਿਰਦਿਆਂ ਮਰੀਜ਼ਾਂ ਦੀ ਸੇਵਾ-ਸੰਭਾਲ ਕੀਤੀ, ਜਿਸ ਵਿਚ ਘਰਾਂ ਤੋਂ ਪ੍ਰਸ਼ਾਦੇ ਉਗਰਾਹੁਣਾ, ਰੋਗੀਆਂ ਨੂੰ ਸਾਂਭਣਾ, ਹਸਪਤਾਲ ਲਿਜਾਣਾ, ਦਵਾਈਆਂ ਦਾ ਪ੍ਰਬੰਧ ਕਰਨਾ, ਟੱਟੀਆਂ ਚੁੱਕਣੀਆਂ, ਗੰਦੇ ਕਪੜੇ ਧੋਣੇ, ਬਹੁਕਰ ਦੇਣਾ, ਭਾਂਡੇ ਮਾਂਜਣੇ ਆਦਿ ਸ਼ਾਮਲ ਸੀ । ਪੈਸਾ ਕੋਈ ਕੋਲ ਹੈ ਨਹੀਂ ਸੀ ।
ਇਹ ਸਾਰੇ ਕੰਮ ਭਗਤ ਜੀ ਇੱਕਲੇ ਹੀ ਕਰਦੇ ਰਹੇ । 22 ਮਰੀਜ਼ ਹੋ ਜਾਣ ’ਤੇ ਕੇਵਲ ਸਵੇਰੇ, ਇਕ ਸਮੇਂ ਵਾਸਤੇ, ਇਕ ਮਿਹਤਰ (ਸਫ਼ਾਈ ਸੇਵਕ) ਰੱਖਿਆ ਸੀ । ਇਕ ਪੁਰਾਣਾ ਰਿਸ਼ਕਾ ਲੈ ਕੇ, ਫਰੇਮ ਸਮੇਤ ਅਗਲਾ ਪਹੀਆ ਕੱਢ ਦਿੱਤਾ ਅਤੇ ਦੋ ਬਾਂਸ ਲਾ ਕੇ, ਰਿਕਸ਼ੇ ਨੂੰ ਧੱਕ ਮਰੀਜ਼ ਹਸਪਤਾਲ ਲੈ ਜਾਂਦੇ। ਇਹ ਪਿੰਗਲਵਾੜੇ ਦੀ ਪਹਿਲੀ ਐਂਬੂਲੈਂਸ ਸੀ। ਗੱਲ ਕੀ, ਸਖ਼ਤ ਘਾਲਣਾ ਘਾਲ ਕੇ ਉਹ ਲਾਵਾਰਸ ਬੁੱਢਿਆਂ ਦੀ ਡੰਗੋਰੀ, ਲਾਚਾਰ ਔਰਤਾਂ ਦੇ ਰਖਵਾਲੇ ਅਤੇ ਯਤੀਮ ਬੱਚਿਆਂ ਦੇ ਮਾਪੇ ਬਣ ਗਏ।
ਦੀਨ-ਦੁਖੀਆਂ ਦੀ ਸੇਵਾ ਦੇ ਨਾਲ-ਨਾਲ ਉਹ ਆਪਣੇ ਸਾਥੀ ਸੇਵਾਦਾਰਾਂ ਦਾ ਵੀ ਹਰ ਦੁੱਖ-ਸੁੱਖ ਵਿਚ ਸਾਥ ਦਿੰਦੇ । ਉਹ ਹਰ ਜੀਵ ਵਿਚ ਰੱਬ ਦੀ ਹੋਂਦ ਮਹਿਸੂਸ ਕਰਦੇ ਅਤੇ, ਬਿਨਾਂ ਕਿਸੇ ਜਾਤ-ਪਾਤ, ਧਰਮ, ਰੰਗ, ਨਸਲ ਦੇ ਵਿਤਕਰੇ ਦੇ, ਹਰ ਲਾਵਾਰਸ, ਲਾਚਾਰ, ਬੀਮਾਰ, ਪਾਗਲ ਅਤੇ ਅਪਾਹਜ ਦੀ ਸੇਵਾ ਕਰਦੇ ਸਨ । ਇਹ ਰੱਬ ਦੀ ਮਿਹਰ ਦਾ ਕ੍ਰਿਸ਼ਮਾ ਹੀ ਹੈ ਕਿ ਉਨ੍ਹਾਂ ਬਹੁਤ ਗੰਭੀਰ, ਭਿਆਨਕ, ਲਾ-ਇਲਾਜ ਤੇ ਛੂਤ ਦੇ ਰੋਗਾਂ ਤੋਂ ਗ੍ਰਸਤ ਰੋਗੀਆਂ ਦੀ ਹੱਥੀਂ ਸੇਵਾ ਕੀਤੀ ਪਰ ਉਨ੍ਹਾਂ ਨੂੰ ਕੋਈ ਬੀਮਾਰੀ ਨਾ ਲੱਗੀ ।
ਲੋਕ ਭਲਾਈ ਦਾ ਕੋਈ ਵੀ ਕੰਮ ਉਨ੍ਹਾਂ ਨੂੰ ਤੁੱਛ ਜਾਂ ਘਟੀਆ ਨਾ ਜਾਪਦਾ, ਜਿਵੇਂ ਸੜਕਾਂ ’ਤੇ ਪਏ ਕਿੱਲ, ਖੁਰੀਆਂ, ਕੇਲੇ ਦੇ ਛਿੱਲੜ, ਰੋੜੇ, ਕੱਚ, ਗੋਹਾ, ਟੱਟੀ, ਆਦਿ ਚੁੱਕਣੇ । ਉਹ ਸਿਰਫ਼ ਸਾਈਕਲ, ਰਿਕਸ਼ਾ, ਟਾਂਗਾ ਜਾਂ ਰੇਲ ਗੱਡੀ ਦੇ ਤੀਜੇ ਦਰਜੇ ਵਿਚ ਸਫ਼ਰ ਕਰਦੇ ਸਨ । ਉਨ੍ਹਾਂ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਉਹ ਗੁਰਦੁਆਰਿਆਂ ਵਿਚੋਂ ਹੀ ਹੋਇਆ ਹੈ, ਭਾਵੇਂ ਉਹ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਸੀ ਜਾਂ ਦਰਬਾਰ ਸਾਹਿਬ ਅੰਮ੍ਰਿਤਸਰ। ਉਹ ਆਪਣੇ ਆਪ ਨੂੰ ਗੁਰੂ ਘਰ ਦਾ ਝਾੜੂ ਬਰਦਾਰ ਜਾਂ ਪਹਿਰੇਦਾਰ ਆਖ ਕੇ ਖ਼ੁਸ਼ੀ ਅਤੇ ਫ਼ਖਰ ਮਹਿਸੂਸ ਕਰਦੇ। ਉਹ ਗੁਰੂ ਦੀ ਮਿਹਰ ਨਾਲੋਂ ਕਿਸੇ ਅਵਾਰਡ ਜਾਂ ਉਪਾਧੀ ਨੂੰ ਵੱਡਾ ਨਹੀਂ ਮੰਨਦੇ ਸਨ । ਉਪ੍ਰੇਸ਼ਨ ‘ਬਲਿਊ ਸਟਾਰ’ ਤੋਂ ਪਿੱਛੋਂ ਉਹ ਪਦਮਸ਼੍ਰੀ ਦੀ ਉਪਾਧੀ ਵਾਪਸ ਮੋੜ ਕੇ ਬਹੁਤ ਸੰਤੁਸ਼ਟੀ ਮਹਿਸੂਸ ਕਰਦੇ ਸਨ । ਹੱਥੀਂ ਨਿਸ਼ਕਾਮ ਸੇਵਾ ਕਰਨਾ ਅਤੇ ਗਿਆਨ ਪ੍ਰਾਪਤ ਕਰਨਾ ਉਨ੍ਹਾਂ ਦਾ ਮਿਸ਼ਨ ਵੀ ਸੀ ਤੇ ਇਸ਼ਕ ਵੀ । ਉਨ੍ਹਾਂ ਦੇ ਕੁਝ ਵਿਸ਼ੇਸ਼ ਗੁਣ ਇਸ ਪ੍ਰਕਾਰ ਸਨ:-
1) ਤਿਆਗੀ ਇੰਨੇ ਸਨ ਕਿ ਹੱਥੀਂ ਬਣਾਈ ਪਿੰਗਲਵਾੜਾ ਦੀ ਵਿਸ਼ਾਲ ਅਤੇ ਸ਼ਾਨਦਾਰ ਇਮਾਰਤ ਵਿਚ ਉਨ੍ਹਾਂ ਦਾ ਕਮਰਾ ਤਾਂ ਕੀ, ਕੋਈ ਅਲਮਾਰੀ ਵੀ ਨਹੀਂ ਸੀ । ਲੰਮਾ ਸਮਾਂ ਤੰਗੀ-ਤੁਰਸ਼ੀ ਕੱਟਣ ਪਿੱਛੋਂ, ਪਿੰਗਲਵਾੜਾ ਨੂੰ ਦਾਨ ਵੱਜੋਂ ਲੱਖਾਂ ਰੁਪਏ ਆਉਣ ਲੱਗ ਪਏ ਜੋ ਸਾਰੇ ਦੇ ਸਾਰੇ ਅਪਾਹਜਾਂ, ਬੀਮਾਰਾਂ ਅਤੇ ਲਾਚਾਰਾਂ ਉੱਤੇ ਖ਼ਰਚ ਕਰ ਦਿੰਦੇ ਅਤੇ ਆਪਣੇ ਕੋਲ ਕੁਝ ਵੀ ਜਮ੍ਹਾਂ ਨਾ ਕਰਦੇ ।
ਅੰਤਮ ਸਮਾਂ : ਭਗਤ ਜੀ ਆਪਣੇ ਜੀਊਂਦੇ ਜੀਅ ਇਕ ਜੀਊਂਦੀ-ਜਾਗਦੀ ਮਿਸਾਲ ਬਣ ਗਏ ਸਨ। ਉਹ ਇਕ ਮਨੁੱਖ ਨਹੀਂ ਸਗੋਂ ਇਕ ਸੰਸਥਾ ਬਣ ਗਏ ਸਨ, ਇਕ ਵੇਖਣ-ਯੋਗ ਗੁਣਵਾਨ ਸ਼ਖ਼ਸੀਅਤ । ਉਹ 20 ਜੂਨ 1992 ਨੂੰ ਬੀਮਾਰ ਪੈ ਗਏ ਅਤੇ ਉਨ੍ਹਾਂ ਨੂੰ ਵਰਿਆਮ ਸਿੰਘ ਨਰਸਿੰਗ ਹੋਮ ਅੰਮ੍ਰਿਤਸਰ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ 23 ਜੂਨ ਨੂੰ ਉਨ੍ਹਾਂ ਦਾ ਉਪਰੇਸ਼ਨ ਹੋਇਆ। ਪਿੱਛੋਂ ਹਾਲਤ ਅਚਾਨਕ ਵਿਗੜ ਜਾਣ ਕਰ ਕੇ ਉਨ੍ਹਾਂ ਨੂੰ ਹਵਾਈ ਜਹਾਜ ਰਾਹੀਂ ਪੀ.ਜੀ.ਆਈ. ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਕ ਹੋਰ ਉਪਰੇਸ਼ਨ ਹੋਇਆ। ਪਰ ਨਾਲ ਹੀ ਦਿਲ ਅਤੇ ਫੇਫੜੇ ਦੀ ਤਕਲੀਫ਼ ਹੋ ਗਈ ਅਤੇ ਅੰਤ 5 ਅਗਸਤ 1992 ਨੂੰ ਉਹ ਸਦੀਵੀ ਵਿਛੋੜਾ ਦੇ ਗਏ ।
ਇਹੋ ਜਿਹੇ ਮਹਾਂਪੁਰਸ਼ ਯੁਗਾਂ ਪਿੱਛੋਂ ਹੀ ਸੰਸਾਰ ਵਿਚ ਆਉਂਦੇ ਹਨ ਅਤੇ ਕੁਦਰਤ ਦੇ ਨਿਯਮ ਅਨੁਸਾਰ ਇਨ੍ਹਾਂ ਨੂੰ ਵੀ ਇਸ ਫਾਨੀ ਸੰਸਾਰ ਤੋਂ ਜਾਣਾ ਪੈਂਦਾ ਹੈ।
ਸਦੀਵੀ ਯਾਦ : ਭਗਤ ਜੀ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹ ਆਪਣੇ ਪਿੱਛੇ, ਪਿੰਗਲਵਾੜਾ ਦੇ ਰੂਪ ਵਿਚ, ਆਪਣੀ ਸਦੀਵੀ ਯਾਦ ਛੱਡ ਗਏ ਹਨ, ਜੋ ਬੇ-ਘਰਿਆ ਲਈ ਘਰ, ਬੇ-ਆਸਰਿਆਂ ਲਈ ਆਸਰਾ, ਲਾਵਾਰਸ ਰੋਗੀਆਂ ਲਈ ਹਸਪਤਾਲ, ਬੱਚਿਆਂ ਲਈ ਪਘੂੰੜਾ ਅਤੇ ਜਵਾਨ ਲੜਕੀਆਂ ਅਤੇ ਔਰਤਾਂ ਲਈ ਇਕ ਸੁਰੱਖਿਅਤ ਘਰ ਹੈ। ਇੰਜ ਇਸ ਬਹੁ-ਮੁੱਖੀ ਸੰਸਥਾ ਨੇ ਭਗਤ ਜੀ ਨੂੰ ਅਮਰ ਕਰ ਦਿੱਤਾ ਹੈ ।