ਪਠਾਨਕੋਟ ‘ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ‘ਚ ਡਿੰਡਾ ਫਾਰਵਰਡ ਪੋਸਟ ਨੇੜੇ ਪਾਕਿਸਤਾਨ ਨੇ ਡਰੋਨ ਨਾਲ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਸ਼ਨੀਵਾਰ ਦੇਰ ਰਾਤ ਦੋ ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੀਐਸਐਫ ਦੀ 121 ਬਟਾਲੀਅਨ ਦੇ ਜਵਾਨਾਂ ਨੇ ਡਿੰਡਾ ਚੌਕੀ ‘ਤੇ ਡਰੋਨ ਗਤੀਵਿਧੀ ਦੇਖੀ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਰੋਨ ‘ਤੇ ਫਾਇਰਿੰਗ ਕੀਤੀ।
ਜਾਣਕਾਰੀ ਅਨੁਸਾਰ ਜਵਾਨਾਂ ਵੱਲੋਂ ਕਰੀਬ 19-20 ਰਾਉਂਡ ਫਾਇਰ ਕੀਤੇ ਗਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਨੀਵਾਰ ਦੁਪਹਿਰ 12:15 ਵਜੇ ਪਿੱਲਰ ਨੰਬਰ 4 ਅਤੇ ਪਿੱਲਰ ਨੰਬਰ 5 ਦੇ ਵਿਚਕਾਰ ਪਾਕਿਸਤਾਨੀ ਡਰੋਨ ਗਤੀਵਿਧੀ ਦੇਖੀ ਗਈ। ਡਰੋਨ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ‘ਤੇ ਬੀਐਸਐਫ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ।
ਇਕ ਵਾਰ ਫਿਰ ਦੇਰ ਰਾਤ 12:40 ‘ਤੇ ਡਰੋਨ ਦੀ ਸਰਗਰਮੀ ਦੇਖਣ ਨੂੰ ਮਿਲੀ। ਇਸ ਵਾਰ ਵੀ ਬੀਐਸਐਫ ਵੱਲੋਂ 2 ਮਿੰਟ ਤੱਕ ਡਰੋਨ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਪੁਲਿਸ ਅਤੇ ਬੀਐਸਐਫ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਸਵੇਰ ਤੋਂ ਹੀ ਤਲਾਸ਼ੀ ਮੁਹਿੰਮ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਅਨੁਸਾਰ ਅਜੇ ਤੱਕ ਕੋਈ ਰਿਕਵਰੀ ਨਹੀਂ ਹੋਈ ਹੈ।