ਪਟਿਆਲਾ ਘਟਨਾ ਤੋਂ ਬਾਅਦ ਐਡਵੋਕੇਟ ਧਾਮੀ ਨੇ ਪੰਜਾਬ ਸਰਕਾਰ ‘ਤੇ ਰੋਸ ਕੀਤਾ ਪ੍ਰਗਟ

0
138

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਟਿਆਲਾ ਵਿਖੇ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਨੂੰ ਪੰਜਾਬ ਸਰਕਾਰ ਦੀ ਨਕਾਮੀ ਕਰਾਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਦੇ ਮੁੱਖ ਕਾਰਨ ਨੂੰ ਅੱਖੋਂ ਓਹਲੇ ਕਰਕੇ ਪੁਲਿਸ ਪ੍ਰਸ਼ਾਸਨ ਨੇ ਬਣਦੀ ਭੂਮਿਕਾ ਨਹੀਂ ਨਿਭਾਈ, ਜਿਸ ਕਾਰਨ ਸਿੱਖ ਸੰਗਤਾਂ ਵਿਚ ਭਾਰੀ ਰੋਸ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਜਦੋਂ ਸ਼ਿਵ ਸ਼ੈਨਾ ਦੇ ਇੱਕ ਆਗੂ ਨੇ ਸਿੱਖ ਵਿਰੋਧੀ ਭੜਕਾਊ ਬਿਆਨਬਾਜ਼ੀ ਕੀਤੀ ਸੀ, ਤਾਂ ਚਾਹੀਦਾ ਸੀ ਕਿ ਉਸ ’ਤੇ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਜਾਂਦੀ।

ਉਨ੍ਹਾਂ ਆਖਿਆ ਕਿ ਕੁਝ ਲੋਕ ਪੰਜਾਬ ਦੇ ਮਾਹੌਲ ਨੂੰ ਤਣਾਅਪੂਰਨ ਬਣਾਉਣ ਦਾ ਲਗਾਤਾਰ ਯਤਨ ਕਰ ਰਹੇ ਹਨ, ਪਰ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦੇ ਆਹਰ ਵਿਚ ਹਨ, ਪਰ ਗੁਰੂ ਸਾਹਿਬ ਵੱਲੋਂ ਸਰਬ ਸਾਂਝੀਵਾਲਤਾ ਦੇ ਉਪਦੇਸ਼ ਅਨੁਸਾਰ ਸਿੱਖ ਹਰ ਧਰਮ ਦਾ ਸਤਿਕਾਰ ਕਰਦੇ ਹਨ। ਜੋ ਲੋਕ ਧਰਮ ਦੇ ਨਾਂ ’ਤੇ ਵੰਡੀਆਂ ਪਾ ਕੇ ਵਖਰੇਵਾਂ ਪਾਉਣਾ ਚਾਹੁੰਦੇ ਹਨ, ਸਰਕਾਰ ਵੱਲੋਂ ਉਨ੍ਹਾਂ ਨੂੰ ਨੱਥ ਪਾਉਣੀ ਚਾਹੀਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਕਦੇ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਹੁੰਦੇ, ਸਗੋਂ ਲੋੜ ਅਨੁਸਾਰ ਹਰ ਧਰਮ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ। ਪਰ ਜਦੋਂ ਸਮਾਜ ਵਿਰੋਧੀ ਅਨਸਰ ਜਾਣਬੁਝ ਕੇ ਸਿੱਖਾਂ ਵਿਰੁੱਧ ਬਿਆਨਬਾਜ਼ੀ ਕਰਨਗੇ ਤਾਂ ਮਾਹੌਲ ਦਾ ਤਲਖ ਹੋਣਾ ਯਕੀਨੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਭੜਕਾਹਟ ਭਰੀ ਬਿਆਨਬਾਜ਼ੀ ਕਰਨ ਵਾਲੇ ਲੋਕਾਂ ਨੂੰ ਕਾਬੂ ਕਰੇ, ਤਾਂ ਜੋ ਸੂਬੇ ਦਾ ਮਾਹੌਲ ਸ਼ਾਂਤਮਈ ਬਣਿਆ ਰਹੇ।

LEAVE A REPLY

Please enter your comment!
Please enter your name here