ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ’ਚ ਐੱਲਓਸੀ ਨੇੜੇ ਬਾਰੂਦੀ ਸੁਰੰਗ ’ਚ ਧਮਾਕੇ ਕਾਰਨ ਭਾਰਤੀ ਫ਼ੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਹਨ, ਜਦੋਂ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਹਨ।ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਨੌਸ਼ਹਿਰਾ ਦੇ ਕਲਾਲ ਸੈਕਟਰ ’ਚ ਐੱਲਓਸੀ ਨੇੜੇ ਬਾਰੂਦੀ ਸੁਰੰਗ ਧਮਾਕੇ ’ਚ ਪੰਜ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਗੰਭੀਰ ਜ਼ਖ਼ਮੀ ਦੋ ਜਵਾਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਊਧਮਪੁਰ ਫ਼ੌਜੀ ਹਸਪਤਾਲ ’ਚ ਇਲਾਜ ਲਈ ਰੈਫ਼ਰ ਕੀਤਾ ਗਿਆ ਪਰ ਰਸਤੇ ’ਚ ਹੀ ਦੋਵਾਂ ਜਵਾਨਾਂ ਦੀ ਮੌਤ ਹੋ ਗਈ। ਬਾਰੂਦੀ ਸੁਰੰਗ ਧਮਾਕੇ ’ਚ ਸ਼ਹੀਦ ਜਵਾਨਾਂ ਦੀ ਪਛਾਣ ਰਿਸ਼ੀ ਕੁਮਾਰ ਨਿਵਾਸੀ ਬੇਗੂਸਰਾਏ ਬਿਹਾਰ ਅਤੇ ਸਿਪਾਹੀ ਮਨਜੀਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੇੜਾ ਕੋਟਲੀ (ਤਹਿਸੀਲ ਦਸੂਹਾ) ਦੇ ਰੂਪ ’ਚ ਹੋਈ ਹੈ।
ਜਾਣਕਾਰੀ ਅਨੁਸਾਰ ਪੁਣਛ ਦੇ ਘਾਟਾ ਧੁਰੀਆਂ ਦੇ ਸੰਘਣੇ ਜੰਗਲਾਂ ’ਚ ਅੱਤਵਾਦੀਆਂ ਨੂੰ ਫੜਨ ਲਈ ਬੀਤੀ 8 ਅਕਤੂਬਰ ਤੋਂ ਤਲਾਸ਼ੀ ਮੁਹਿੰਮ ਜਾਰੀ ਹੈ। ਫ਼ੌਜ, ਪੁਲਿਸ, ਪੈਰਾ ਕਮਾਂਡੋਜ਼ ਸਮੇਤ ਸੀਆਰਪੀਐੱਫ਼ ਤੇ ਹੋਰ ਸੁਰੱਖਿਆ ਬਲ ਇਸ ਤਲਾਸੀ ਮੁਹਿੰਮ ’ਚ ਜੁਟੇ ਹਨ। ਸੁਰੱਖਿਆ ਬਲਾਂ ਵੱਲੋਂ ਭਾਟਾ ਧੁਰੀਆਂ ਦੇ ਸੰਘਣੇ ਜੰਗਲਾਂ ਦੇ ਆਸਪਾਸ ਰਹਿਣ ਵਾਲੇ ਕਰੀਬ 20 ਅਜਿਹੇ ਸਥਾਨਕ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ’ਤੇ ਸਰਹੱਦ ’ਤੇ ਬੈਠੇ ਅੱਤਵਾਦੀਆਂ ਦੀ ਮਦਦ ਕਰਨ ਦੇ ਦੋਸ਼ ਹਨ।