ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਹੈ। ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੈਂਟਰਲ ਹਾਲ ਵਿੱਚ ਦੋਵਾਂ ਸਦਨਾਂ ਨੂੰ ਸੰਬੋਧਨ ਨਾਲ ਹੋਈ। ਰਾਸ਼ਟਰਪਤੀ ਨੇ ਆਪਣੇ ਸੰਬੋਧਨ ਦੌਰਾਨ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਨਿਰਮਲਾ ਸੀਤਾਰਮਨ ਨੇ ਆਰਥਿਕ ਸਰਵੇਖਣ ਪੇਸ਼ ਕੀਤਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ 2021-22 ਪੇਸ਼ ਕੀਤਾ ਹੈ। ਆਰਥਿਕ ਸਰਵੇਖਣ ਨੇ ਵਿੱਤੀ ਸਾਲ 2023 ਲਈ 8 ਤੋਂ 8.5 ਫੀਸਦੀ ਦੀ ਅਸਲ GDP ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ।
ਆਰਥਿਕ ਸਰਵੇਖਣ ‘ਚ ਸਰਕਾਰ ਨੇ ਵਿੱਤੀ ਸਾਲ 2023 ਲਈ ਵਿਕਾਸ ਦਰ 8 ਤੋਂ 8.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਆਰਥਿਕ ਸਰਵੇਖਣ ‘ਚ ਕਿਹਾ ਗਿਆ ਹੈ ਕਿ ਚਾਲੂ ਵਿੱਤੀ ਸਾਲ ‘ਚ ਅਰਥਵਿਵਸਥਾ ਦੇ 9.2 ਫੀਸਦੀ ਵਾਧੇ ਦੀ ਉਮੀਦ ਹੈ। ਇਹ ਇਸ ਮਹੀਨੇ ਦੇ ਸ਼ੁਰੂ ਵਿਚ ਜਾਰੀ ਕੀਤੇ ਪਹਿਲੇ ਪੇਸ਼ਗੀ ਅਨੁਮਾਨਾਂ ਦੇ ਅਨੁਸਾਰ ਹੈ। ਇਹ ਅਨੁਮਾਨ ਇਸ ਧਾਰਨਾ ‘ਤੇ ਅਧਾਰਤ ਹੈ ਕਿ ਕੋਈ ਹੋਰ ਮਹਾਂਮਾਰੀ ਨਹੀਂ ਹੋਵੇਗੀ ਅਤੇ ਕੋਈ ਆਰਥਿਕ ਵਿਘਨ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਬਜਟ ਤੋਂ ਪਹਿਲਾਂ ਆਰਥਿਕ ਸਰਵੇਖਣ ਪੇਸ਼ ਕੀਤਾ ਜਾਂਦਾ ਹੈ। ਭਾਰਤ ਦਾ ਪਹਿਲਾ ਆਰਥਿਕ ਸਰਵੇਖਣ 1950-51 ‘ਚ ਪੇਸ਼ ਕੀਤਾ ਗਿਆ ਸੀ। ਸ਼ੁਰੂ ਵਿੱਚ ਇਹ ਸਾਲ 1964 ਤੱਕ ਬਜਟ ਦੇ ਨਾਲ ਹੀ ਪੇਸ਼ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਇਸਨੂੰ ਵੱਖਰੇ ਤੌਰ ‘ਤੇ ਪੇਸ਼ ਕੀਤਾ ਗਿਆ।