ਅਮਰੀਕਾ ਦੇ ਨਿਊਯਾਰਕ ‘ਚ ਦੋ ਸਿੱਖਾਂ ‘ਤੇ ਹਮਲਾ ਹੋਇਆ ਹੈ। ਇਹ ਘਟਨਾ ਰਿਚਮੰਡ ਹਿਲਸ ਦੀ ਦੱਸੀ ਜਾ ਰਹੀ ਹੈ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ ਹੈ। ਕੌਂਸਲੇਟ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕੌਂਸਲੇਟ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਇਕ ਬਿਆਨ ਵਿਚ ਕਿਹਾ ਗਿਆ ਹੈ, ”ਰਿਚਮੰਡ ਹਿਲਸ, ਨਿਊਯਾਰਕ ਵਿਚ ਦੋ ਸਿੱਖਾਂ ‘ਤੇ ਹਮਲਾ ਨਿੰਦਣਯੋਗ ਹੈ। ਅਸੀਂ ਇਸ ਮਾਮਲੇ ਬਾਰੇ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਨਾਲ ਸੰਪਰਕ ਕੀਤਾ ਹੈ। ਪੁਲਸ ਨੇ ਸ਼ਿਕਾਇਤ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਸੀਂ ਭਾਈਚਾਰੇ ਦੇ ਮੈਂਬਰਾਂ ਦੇ ਸੰਪਰਕ ਵਿੱਚ ਹਾਂ। ਅਸੀਂ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹਾਂ।
ਨਿਊਯਾਰਕ ਸਟੇਟ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਹਾਲ ਹੀ ਦੇ ਸਾਲਾਂ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਵਿੱਚ ਚਿੰਤਾਜਨਕ 200% ਵਾਧਾ ਹੋਇਆ ਹੈ। ਜੈਨੀਫਰ ਰਾਜਕੁਮਾਰ ਨਿਊਯਾਰਕ ਸਟੇਟ ਆਫਿਸ ਲਈ ਚੁਣੀ ਗਈ ਪਹਿਲੀ ਪੰਜਾਬੀ ਅਮਰੀਕਨ ਅਤੇ ਉਹ ਨਿਊਯਾਰਕ ਸਟੇਟ ਲਈ ਇਮੀਗ੍ਰੇਸ਼ਨ ਦੀ ਸਾਬਕਾ ਡਾਇਰੈਕਟਰ ਹੈ।
ਇੱਕ ਬਿਆਨ ਵਿੱਚ ਵੂਮੈਨ ਜੈਨੀਫਰ ਰਾਜਕੁਮਾਰ ਨੇ ਕਿਹਾ, “ਮੈਂ ਆਪਣੇ ਸਿੱਖ ਅਮਰੀਕੀ ਪਰਿਵਾਰ ਦੇ ਖਿਲਾਫ ਇਸ ਹਫਤੇ ਦੀਆਂ ਦੋਵੇਂ ਘਟਨਾਵਾਂ ਤੋਂ ਤੁਰੰਤ ਬਾਅਦ NYPD ਨਾਲ ਗੱਲ ਕੀਤੀ। ਮੈਂ ਦੋਵਾਂ ਘਟਨਾਵਾਂ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੇ ਜਾਣ ਦੀ ਮੰਗ ਕਰ ਰਹੀ ਹਾਂ, ਅਤੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮਾ ਚਲਾਉਣ ਦੀ ਮੰਗ ਕਰ ਰਹੀ ਹਾਂ।”