ਨਿਊਜ਼ੀਲੈਂਡ ‘ਚ ਲਾਗੂ ਹੋਇਆ ਇੱਛਾ ਮੌਤ ਕਾਨੂੰਨ

0
46

ਨਿਊਜ਼ੀਲੈਂਡ ‘ਚ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ। ਨਿਊਜ਼ੀਲੈਂਡ ‘ਚ ਇੱਛਾ ਨਾਲ ਮੌਤ ‘ਤੇ ਕਾਨੂੰਨ ਐਤਵਾਰ ਸਵੇਰ ਤੋਂ ਲਾਗੂ ਹੋ ਗਿਆ ਹੈ। ਇਸ ਨਵੇਂ ਕਾਨੂੰਨ ਤਹਿਤ ਹੁਣ ਲੋਕ ਆਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬੀਆ, ਕੈਨੇਡਾ, ਆਸਟ੍ਰੇਲੀਆ, ਲਕਸਮਬਰਗ, ਸਪੇਨ, ਨੀਦਰਲੈਂਡ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿੱਚ ਇੱਛਾ ਮੌਤ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ ਸੀ। ਨਿਊਜ਼ੀਲੈਂਡ ਵਿੱਚ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਮਰਜ਼ੀ ਨਾਲ ਮਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਗੰਭੀਰ ਬਿਮਾਰੀ ਤੋਂ ਪੀੜ੍ਹਤ ਹਨ।ਮਤਲਬ ਇੱਕ ਅਜਿਹੀ ਬਿਮਾਰੀ ਜੋ ਅਗਲੇ ਛੇ ਮਹੀਨਿਆਂ ਵਿੱਚ ਜੀਵਨ ਨੂੰ ਖਤਮ ਕਰ ਦਿੰਦੀ ਹੈ।

ਇੱਛਾ ਮੌਤ ਲਈ ਨਿਊਜ਼ੀਲੈਂਡ ਵਿੱਚ ਘੱਟੋ-ਘੱਟ ਦੋ ਡਾਕਟਰਾਂ ਦੀ ਸਹਿਮਤੀ ਲਾਜ਼ਮੀ ਹੈ।ਨਿਊਜ਼ੀਲੈਂਡ ‘ਚ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਰਾਏਸ਼ੁਮਾਰੀ ਕਰਵਾਈ ਗਈ, ਜਿਸ ‘ਚ 65 ਫੀਸਦੀ ਤੋਂ ਵੱਧ ਲੋਕਾਂ ਨੇ ਇਸ ਦੇ ਹੱਕ ‘ਚ ਵੋਟਿੰਗ ਕੀਤੀ। ਬੇਸ਼ੱਕ ਸੁਣਨ ‘ਚ ਥੋੜ੍ਹਾ ਅਜੀਬ ਲੱਗੇ ਪਰ ਕੁੱਝ ਲੋਕਾਂ ਲਈ ਰਾਹਤ ਦੀ ਖਬਰ ਵੀ ਹੈ। 61 ਸਾਲਾ ਸਟੂਅਰਟ ਆਰਮਸਟ੍ਰਾਂਗ ਪ੍ਰੋਸਟੇਟ ਕੈਂਸਰ ਤੋਂ ਪੀੜਤ ਹੈ, ਜੋ ਲਾਇਲਾਜ ਹੈ। ਆਰਮਸਟ੍ਰਾਂਗ ਦਾ ਕਹਿਣਾ ਹੈ ਕਿ ਉਹ ਹੁਣ ਇਸ ਗੱਲ ਦੀ ਚਿੰਤਾ ਨਹੀਂ ਕਰ ਰਿਹਾ ਹੈ ਕਿ ਉਹ ਕਿਵੇਂ ਮਰੇਗਾ। ਕਿਉਂਕਿ ਮੌਤ ਦੀ ਕਾਮਨਾ ਕਰਨ ਨਾਲ ਕੋਈ ਦੁੱਖ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਕਈ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੱਛਾ ਮੌਤ ਸਮਾਜ ਵਿੱਚ ਮਨੁੱਖੀ ਜੀਵਨ ਅਤੇ ਕਦਰਾਂ-ਕੀਮਤਾਂ ਪ੍ਰਤੀ ਸਤਿਕਾਰ ਨੂੰ ਕਮਜ਼ੋਰ ਕਰੇਗੀ। ਇਸ ਨਾਲ ਕਮਜ਼ੋਰ ਲੋਕਾਂ ਖਾਸ ਤੌਰ ‘ਤੇ ਅਪਾਹਜ ਵਿਅਕਤੀਆਂ ਜਾਂ ਜੀਵਨ ਦੇ ਆਖਰੀ ਦਿਨਾਂ ਵਿੱਚ ਰਹਿ ਰਹੇ ਲੋਕਾਂ ਦੀ ਦੇਖਭਾਲ ਘੱਟ ਜਾਵੇਗੀ। ਜਦੋਂ ਕਿ ਇਸ ਕਾਨੂੰਨ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਮਨੁੱਖ ਨੂੰ ਮਰਨ ਦਾ ਅਧਿਕਾਰ ਹੈ ਕਿ ਉਹ ਕਦੋਂ ਅਤੇ ਕਿਵੇਂ ਮਰਨਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇੱਛਾ ਮੌਤ ਉਨ੍ਹਾਂ ਨੂੰ ਸਨਮਾਨ ਨਾਲ ਮਰਨ ਦਾ ਅਧਿਕਾਰ ਦਿੰਦੀ ਹੈ।
ਵਿਦੇਸ਼ਾਂ ਤੋਂ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਇਸ ਲਈ ਅਰਜ਼ੀ ਦੇ ਸਕਣਗੇ, ਜਿਨ੍ਹਾਂ ਵਿੱਚੋਂ 350 ਦੀ ਮੌਤ ਹੋਣ ਵਿੱਚ ਮਦਦ ਕੀਤੀ ਜਾਵੇਗੀ। ਪਰ ਅਸਲ ਵਿੱਚ ਕਿੰਨੇ ਲੋਕ ਅਪਲਾਈ ਕਰਦੇ ਹਨ, ਇਸ ਬਾਰੇ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ। ਇਸ ਕੰਮ ਲਈ ਡਾਕਟਰਾਂ ਨੂੰ ਉੱਚਿਤ ਸਿਖਲਾਈ ਦਿੱਤੀ ਗਈ ਹੈ।

ਹਾਲਾਂਕਿ ਕਈ ਡਾਕਟਰ ਇਸ ਦੇ ਖਿਲਾਫ ਵੀ ਸਾਹਮਣੇ ਆਏ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਹੀ ਦੇਖਭਾਲ ਕੀਤੀ ਜਾਂਦੀ ਹੈ, ਤਾਂ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਨਹੀਂ ਹੁੰਦੀ। ਪਰ ਕਈ ਮਾਮਲਿਆਂ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਦੇਖਭਾਲ ਦੇ ਬਾਵਜੂਦ ਕਈ ਲੋਕ ਠੀਕ ਨਹੀਂ ਹੋਏ।

ਇੱਥੇ ਯੁਥਨੇਸੀਆ ਨੂੰ ਮੁੱਖ ਤੌਰ ‘ਤੇ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਐਕਟਿਵ ਯੁਥਨੇਸੀਆ ਅਤੇ ਦੂਸਰਾ ਪੈਸਿਵ ਯੁਥਨੇਸੀਆ ਹੈ। ਐਕਟਿਵ ਯੁਥਨੇਸੀਆ ਕਿਸੇ ਲਾਇਲਾਜ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਜ਼ਿੰਦਗੀ ਨੂੰ ਡਾਕਟਰ ਦੀ ਮਦਦ ਨਾਲ ਜ਼ਹਿਰ ਦਾ ਟੀਕਾ ਲਗਾ ਕੇ ਖਤਮ ਕਰ ਸਕਦਾ ਹੈ।

ਪੈਸਿਵ ਯੂਥਨੇਸੀਆ ਦਾ ਮਤਲਬ ਹੈ ਉਹ ਕੇਸ ਜਿੱਥੇ ਲਾਇਲਾਜ ਬਿਮਾਰੀ ਤੋਂ ਪੀੜਤ ਵਿਅਕਤੀ ਲੰਬੇ ਸਮੇਂ ਤੋਂ ਕੋਮਾ ਵਿੱਚ ਹੈ। ਫਿਰ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਡਾਕਟਰ ਉਸ ਦੀ ਜਾਨ ਬਚਾਉਣ ਵਾਲੇ ਉਪਕਰਨ ਬੰਦ ਕਰ ਦਿੰਦੇ ਹਨ। ਉਸ ਦੀ ਜ਼ਿੰਦਗੀ ਦਾ ਅੰਤ ਹੋ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਚਾਹੇ ਕਿਿਰਆਸ਼ੀਲ ਜਾਂ ਪੈਸਿਵ, ਇੱਛਾ ਮੌਤ ਹੱਤਿਆ ਹੈ।

LEAVE A REPLY

Please enter your comment!
Please enter your name here