ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਅੱਜ ਨਮਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੱਗੜੀ ਸੰਭਾਲ ਜੱਟਾ ਅੰਦੋਲਨ ਵਾਂਗ, ਕਿਸਾਨਾਂ ਦਾ ਇਹ ਅੰਦੋਲਨ ਵੀ ਇਤਿਹਾਸ ਦੇ ਪੰਨ੍ਹਿਆ ’ਤੇ ਅਮਰ ਹੋ ਗਿਆ ਹੈ। ਸਿੱਧੂ ਨੇ ਕਿਹਾ ਕਿ ਇਹ ਅਜਿਹਾ ਅੰਦੋਲਨ ਸਾਬਤ ਹੋਇਆ ਹੈ, ਜਿਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਅਖੀਰ ਵਿਚ ਸਰਕਾਰ ਨੂੰ ਝੁਕਣਾ ਹੀ ਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਕਿਸਾਨ ਰੋਜ਼ੀ ਰੋਟੀ ਦੀ ਲੜਾਈ ਲੜ ਰਿਹਾ ਹੈ।
ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਕਿਹਾ ਕਿ 2017 ਵਿਚ ਬੇਅਦਬੀ ਅਤੇ ਨਸ਼ੇ ਵਰਗੇ ਮੁੱਦਿਆਂ ’ਤੇ ਵੱਡੇ ਵੱਡੇ ਵਾਅਦੇ ਕਰਕੇ ਸਰਕਾਰ ਬਣੀ ਸੀ। ਇਸ ਲਈ ਨਵਾਂ ਮੁੱਖ ਮੰਤਰੀ ਵੀ ਲਗਾਇਆ ਗਿਆ। ਸਿੱਧੂ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵੀ ਐੱਸ. ਟੀ. ਐੱਫ. ਦੀ ਰਿਪੋਰਟ ਖੋਲ੍ਹਣ ਦੇ ਹੁਕਮ ਦੇ ਚੁੱਕਾ ਹੈ ਪਰ ਫਿਰ ਕਿਉਂ ਅਜੇ ਤੱਕ ਇਹ ਰਿਪੋਰਟ ਜਨਤਕ ਨਹੀਂ ਕੀਤੀ ਗਈ।
ਇਸ ਦੇ ਨਾਲ ਹੀ ਸਿੱਧੂ ਨੇ ਸਵਾਲ ਚੁੱਕਦਿਆਂ ਇਹ ਵੀ ਆਖਿਆ ਕਿ ਸੁਮੇਧ ਸੈਣੀ ਦੀ ਬਲੈਂਕੇਟ ਬੇਲ ਦੇ ਖ਼ਿਲਾਫ਼ ਅਜੇ ਤਕ ਪਟੀਸ਼ਨ ਦਾਇਰ ਕਿਉਂ ਨਹੀਂ ਕੀਤੀ। ਹਾਲਾਂਕਿ ਅੰਤ ਵਿਚ ਸਿੱਧੂ ਨੇ ਇਹ ਵੀ ਕਿਹਾ ਕਿ ਹੁਣ ਸਾਡਾ ਹੀ ਮੁੱਖ ਮੰਤਰੀ ਹੈ ਅਤੇ ਵੱਡਾ ਭਰਾ ਉਪ ਮੁੱਖ ਮੰਤਰੀ ਹੈ ਕਾਰਵਾਈ ਹੋਵੇਗੀ।