ਕਿਸਾਨਾਂ ‘ਤੇ 28 ਅਗਸਤ ਨੂੰ ਹੋਏ ਪੁਲਿਸ ਲਾਠੀਚਾਰਜ ਵਿਰੁੱਧ ਹਰਿਆਣਾ ਦੇ ਕਰਨਾਲ ‘ਚ ਅੱਜ ਮਹਾਪੰਚਾਇਤ ਬੁਲਾਈ ਗਈ ਹੈ। ਇਸ ਦੌਰਾਨ ਕਿਸਾਨਾਂ ਦੀ 11 ਮੈਂਬਰੀ ਕਮੇਟੀ ਦੀ ਸਰਕਾਰ ਨਾਲ ਬੈਠਕ ਹੋਈ ਸੀ, ਜਿਸ ’ਚ ਕੋਈ ਹੱਲ ਨਹੀਂ ਨਿਕਲਿਆ ਹੈ।
ਕਿਸਾਨਾਂ ਦੀ ਇਸ 11 ਮੈਂਬਰੀ ਕਮੇਟੀ ’ਚ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਢੂਨੀ, ਡਾ. ਦਰਸ਼ਨ ਪਾਲ, ਰਾਮਪਾਲ ਚਹਿਲ, ਅਜੇ ਰਾਣਾ, ਸੁਖਵਿੰਦਰ ਸਿੰਘ, ਯੋਗੇਂਦਰ ਯਾਦਵ, ਕਾਮਰੇਡ ਇੰਦਰਜੀਤ ਸਿੰਘ, ਸੁਰੇਸ਼ ਗੋਤ ਅਤੇ ਵਿਕਾਸ ਸਿਸਰ ਨੂੰ ਕਮੇਟੀ ’ਚ ਸ਼ਾਮਲ ਕੀਤਾ ਗਿਆ।
ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੱਡਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਮਿੰਨੀ ਸਕੱਤੇਰਤ ਵੱਲ ਕੂਚ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਿਆਰੀ ਨਾਲ ਆਏ ਹਨ। ਕਿਸਾਨਾਂ ਦੀ 11 ਮੈਂਬਰੀ ਕਮੇਟੀ ਨੇ ਡੀ. ਸੀ. ਅਤੇ ਐੱਸ. ਪੀ. ਕਰਨਾਲ ਨਾਲ ਗੱਲਬਾਤ ਕੀਤੀ। ਤਿੰਨ ਦੌਰ ਦੀ ਗੱਲਬਾਤ ਮਗਰੋਂ ਵੀ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਕੋਈ ਸਹਿਮਤੀ ਨਹੀਂ ਬਣੀ।
ਇਸ ਲਈ ਕਿਸਾਨਾਂ ਨੇ ਮਿੰਨੀ ਸਕੱਤੇਰਤ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੌਰਾਨ ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਫਿਰ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਰਿਹਾਅ ਵੀ ਕਰ ਦਿੱਤਾ ਗਿਆ।