ਲੋਕ ਕਈ ਵਾਰ ਦੰਦਾਂ ਦੀ ਦੇਖਭਾਲ ਕਰਨ ਵਿੱਚ ਲਾਪਰਵਾਹੀ ਦਿਖਾਉਂਦੇ ਹਨ। ਬਦਲਦੀ ਜੀਵਨ ਸ਼ੈਲੀ ਜਿੰਨਾ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਪ੍ਰਭਾਵਤ ਕਰਦੀ ਹੈ, ਓਨਾ ਹੀ ਇਹ ਸਾਡੇ ਦੰਦਾਂ ਦੀ ਸਿਹਤ ਨੂੰ ਵੀ ਪ੍ਰਭਾਵਤ ਕਰਦੀ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਕਿਸੇ ਖਾਸ ਉਮਰ ਨਾਲ ਸੰਬੰਧਤ ਨਹੀਂ ਹਨ। ਜੇਕਰ ਇਨ੍ਹਾਂ ਦੀ ਵਿਸ਼ੇਸ਼ ਦੇਖਭਾਲ ਨਾ ਕੀਤੀ ਜਾਵੇ ਤਾਂ ਕਿਸੇ ਨੂੰ ਵੀ ਦੰਦਾਂ ਨਾਲ ਸੰਬੰਧਤ ਸਮੱਸਿਆਵਾਂ ਨਾਲ ਨਜਿੱਠਣਾ ਪੈ ਸਕਦਾ ਹੈ।
ਸਰੀਰ ਦੇ ਦੂਜੇ ਹਿੱਸਿਆਂ ਦੀ ਤਰ੍ਹਾਂ ਕੁੱਝ ਸਾਵਧਾਨੀਆਂ ਵਰਤ ਕੇ ਅਸੀਂ ਦੰਦਾਂ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਹਾਂ। ਇੱਕ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਜ਼ਿਆਦਾਤਰ ਲੋਕ ਦੰਦਾਂ ਦੇ ਦਰਦ ਜਾਂ ਉਨ੍ਹਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਨਜ਼ਰ ਅੰਦਾਜ਼ ਕਰਦੇ ਹਨ ਜਾਂ ਕਈ ਵਾਰ ਸਮੱਸਿਆ ਦੀ ਤਹਿ ‘ਤੇ ਪਹੁੰਚੇ ਬਗੈਰ ਆਪਣੇ ਆਪ ਹੀ ਘਰੇਲੂ ਉਪਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਡਾਕਟਰ ਦੇ ਅਨੁਸਾਰ, ਦੰਦਾਂ ਨਾਲ ਜੁੜੀ ਸਮੱਸਿਆ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਪਾਇਰੀਆ, ਟੌਰਟਰ, ਕੈਵਿਟੀ ਆਦਿ। ਮਾਹਰਾਂ ਦੇ ਅਨੁਸਾਰ, ਜੇ ਕਿਸੇ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਜ਼ਰੂਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਰਿਪੋਰਟ ਵਿੱਚ ਦੰਦਾਂ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਦੱਸਦੇ ਹੋਏ ਉਨ੍ਹਾਂ ਦੀ ਦੇਖਭਾਲ ਲਈ ਕੁੱਝ ਸੁਝਾਅ ਵੀ ਦਿੱਤੇ ਗਏ ਹਨ।
ਮਸੂੜਿਆਂ ‘ਚੋਂ ਖੂਨ ਨਿਕਲਣਾ
ਮਸੂੜਿਆਂ ਦੀ ਸਹੀ ਤਰੀਕੇ ਨਾਲ ਸਫਾਈ ਨਾ ਕਰਨ ਕਾਰਨ ਉਨ੍ਹਾਂ ਵਿੱਚ ਗੰਦਗੀ ਜਮ੍ਹਾਂ ਹੋ ਜਾਂਦੀ ਹੈ।ਜਿਸ ਕਾਰਨ ਮਸੂੜਿਆਂ ਵਿੱਚ ਸੋਜਿਸ਼ ਹੋ ਜਾਂਦੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਦੰਦਾਂ ਦੀ ਨਿਯਮਤ ਸਫਾਈ ਪਾਇਰੀਆ ਜਾਂ ਮਸੂੜਿਆਂ ਦੀ ਸੋਜ ਅਤੇ ਉਨ੍ਹਾਂ ਤੋਂ ਖੂਨ ਵਗਣ ਵਰਗੀਆਂ ਸਮੱਸਿਆਵਾਂ ਨੂੰ ਰੋਕ ਸਕਦੀ ਹੈ।
ਕੈਵਿਟੀ ਹੋਣਾ
ਦੰਦਾਂ ਵਿੱਚ ਕੈਵਿਟੀ ਦਾ ਮੁੱਖ ਕਾਰਨ ਖਾਧ ਪਦਾਰਥਾਂ ਦਾ ਇਕੱਠਾ ਹੋਣਾ ਤੇ ਬੈਕਟੀਰੀਆ ਦਾ ਵਾਧਾ ਹੈ। ਇਸ ਦੇ ਲੱਛਣਾਂ ਬਾਰੇ ਗੱਲ ਕਰਦੇ ਹੋਏ, ਜੇ ਦੰਦਾਂ ਵਿੱਚ ਦਰਦ ਮਹਿਸੂਸ ਹੁੰਦਾ ਹੈ ਜਾਂ ਕਾਲੇ ਧੱਬੇ ਦਿਖਾਈ ਦਿੰਦੇ ਹਨ, ਤਾਂ ਇਹ ਇੱਕ ਕੈਵਿਟੀ ਹੋ ਸਕਦਾ ਹੈ। ਇਸ ਤੋਂ ਬਚਣ ਲਈ, ਦੰਦਾਂ ਦੇ ਮਾਹਰ ਭੋਜਨ ਖਾਣ ਤੋਂ ਬਾਅਦ ਕੁਰਲੀ ਕਰਨ ਦੀ ਸਲਾਹ ਦਿੰਦੇ ਹਨ।
ਦੰਦਾਂ ਦੀ ਸੈਂਸਿਟੀਵਿਟੀ
ਇਸ ਦਾ ਮੁੱਖ ਕਾਰਨ ਗਲਤ ਤਰੀਕੇ ਨਾਲ ਬੁਰਸ਼ ਕਰਨਾ ਅਤੇ ਭੋਜਨ ਖਾਂਦੇ ਸਮੇਂ ਗਲਤ ਤਰੀਕੇ ਨਾਲ ਚਬਾਉਣਾ ਹੈ।
ਦੰਦਾਂ ਦੀ ਮਜ਼ਬੂਤੀ ਲਈ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ
ਇਸ ਲਈ ਨਰਮ ਬੁਰਸ਼ ਦੀ ਵਰਤੋਂ ਕਰੋ ਅਤੇ ਦੰਦਾਂ ਨੂੰ ਨਾ ਰਗੜੋ। ਜੀਭ ਨੂੰ ਚੰਗੇ ਜੀਭ-ਕਲੀਨਰ ਨਾਲ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਇਸ ‘ਤੇ ਬੈਕਟੀਰੀਆ ਨਾ ਵਧ ਸਕਣ ਅਤੇ ਮੂੰਹ ਤੋਂ ਬਦਬੂ ਨਾ ਆਵੇ। ਜ਼ਿਆਦਾ ਮਿੱਠੀ ਚੀਜ਼ ਖਾਣ ਤੋਂ ਪਰਹੇਜ਼ ਕਰੋ। ਬਹੁਤ ਸਾਰੇ ਫਲਾਂ ਦਾ ਸੇਵਨ ਕਰੋ।ਬਹੁਤ ਸਾਰਾ ਪਾਣੀ ਪੀਓ। ਇਸ ਤੋਂ ਇਲਾਵਾ ਜੇ ਤੁਸੀਂ ਦੰਦਾਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਮਹਿਸੂਸ ਕਰਦੇ ਹੋ, ਤਾਂ ਯਕੀਨੀ ਤੌਰ ‘ਤੇ ਡਾਕਟਰ ਨਾਲ ਸੰਪਰਕ ਕਰੋ।