ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕਿਹਾ ਕਿ ਦਿੱਲੀ ਵਿੱਚ 139 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ ਪਿਛਲੇ 13 ਸਾਲਾਂ ਵਿੱਚ ਅਗਸਤ ਦੇ ਮਹੀਨੇ ਵਿੱਚ 24 ਘੰਟਿਆਂ ਵਿੱਚ ਸਭ ਤੋਂ ਵੱਧ ਬਾਰਿਸ਼ ਹੈ। ਇਸਦੇ ਨਾਲ ਹੀ, ਆਈਐਮਡੀ ਨੇ ਸ਼ਹਿਰ ਲਈ (orange alert) ਵੀ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਦਰਜ ਕੀਤਾ ਗਿਆ, ਜਿਸ ਨਾਲ ਪਾਰਾ ਹੇਠਾਂ ਆਇਆ ਅਤੇ ਦਿੱਲੀ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਲਈ ਮਿਆਰੀ ਮੰਨੀ ਜਾਣ ਵਾਲੀ ਸਫਰਦਜੰਗ ਆਬਜ਼ਰਵੇਟਰੀ ਦੇ ਅੰਕੜਿਆਂ ਅਨੁਸਾਰ, ਸ਼ੁੱਕਰਵਾਰ ਸਵੇਰੇ 8.30 ਵਜੇ ਅਤੇ ਸ਼ਨੀਵਾਰ ਸਵੇਰੇ 8.30 ਵਜੇ (24 ਘੰਟਿਆਂ ਦੀ ਮਿਆਦ) ਦੇ ਵਿੱਚ ਰਾਸ਼ਟਰੀ ਰਾਜਧਾਨੀ ਵਿੱਚ 139 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜਦੋਂ ਕਿ ਰਿਜ ਸੈਂਟਰ ਨੇ 149.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ।
ਉਨ੍ਹਾਂ ਨੇ ਕਿਹਾ ਕਿ ਘੱਟੋ -ਘੱਟ 13 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਅਗਸਤ ਮਹੀਨੇ ਵਿੱਚ ਇੱਕ ਦਿਨ ਵਿੱਚ ਇੰਨੀ ਜ਼ਿਆਦਾ ਬਾਰਿਸ਼ ਦਰਜ ਕੀਤੀ ਗਈ ਹੈ। ਹੁਣ ਤੱਕ, ਦਿੱਲੀ ਵਿੱਚ ਅਗਸਤ ਮਹੀਨੇ ਦੇ ਦੌਰਾਨ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਬਾਰਿਸ਼ ਦਾ ਰਿਕਾਰਡ 184 ਮਿਲੀਮੀਟਰ ਹੈ ਜੋ 2 ਅਗਸਤ 1961 ਨੂੰ ਦਰਜ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਤਿੰਨ ਡਿਗਰੀ ਹੇਠਾਂ ਹੈ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ਨੀਵਾਰ ਨੂੰ ਵੀ ਆਸਮਾਨ ਬੱਦਲਵਾਈ ਵਾਲਾ ਰਹੇਗਾ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਨੇ ਸ਼ਨੀਵਾਰ ਨੂੰ ਦਿੱਲੀ ਲਈ orange ਅਲਰਟ ਅਤੇ ਐਤਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਮੀਂਹ ਦੇ ਕਾਰਨ, ਮਿੰਟੋ ਬ੍ਰਿਜ, ਮੂਲਚੰਦ ਅੰਡਰਪਾਸ ਅਤੇ ਆਈਟੀਓ ਸਮੇਤ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਪਾਣੀ ਭਰਨ ਕਾਰਨ ਦਿੱਲੀ ਟ੍ਰੈਫਿਕ ਪੁਲਿਸ ਨੇ ਕਈ ਅੰਡਰਪਾਸ ਬੰਦ ਕਰ ਦਿੱਤੇ ਹਨਅਤੇ ਟਵਿੱਟਰ ਰਾਹੀਂ ਲੋਕਾਂ ਨੂੰ ਸਬੰਧਤ ਜਾਣਕਾਰੀ ਦੇ ਰਿਹਾ ਹੈ। ਦਿੱਲੀ ਵਿੱਚ ਭਾਰੀ ਮੀਂਹ ਕਾਰਨ ਹਵਾ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਹੋਇਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ, ਸ਼ਨੀਵਾਰ ਸਵੇਰੇ ਹਵਾ ਦੀ ਗੁਣਵੱਤਾ ਸੂਚਕ ਅੰਕ 67 ਦਰਜ ਕੀਤਾ ਗਿਆ, ਜੋ ਕਿ ‘ਸੰਤੋਸ਼ਜਨਕ’ ਸ਼੍ਰੇਣੀ ਵਿੱਚ ਆਉਂਦਾ ਹੈ।