ਪ੍ਰੀ-ਮਾਨਸੂਨ ਦਾ ਅਸਰ ਪੂਰੇ ਉੱਤਰੀ ਭਾਰਤ ‘ਚ ਨਜ਼ਰ ਆਉਣ ਲੱਗਾ ਹੈ। ਦਿੱਲੀ ਵਿੱਚ 23 ਮਈ ਨੂੰ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਹ ਪਿਛਲੇ ਦਹਾਕੇ ਦੌਰਾਨ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ ਹੈ। ਇਸ ਤੋਂ ਪਹਿਲਾਂ 2 ਮਈ 1982 ਨੂੰ 15.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਕੇਦਾਰਨਾਥ ‘ਚ ਬਰਫਬਾਰੀ ਅਤੇ ਮੀਂਹ ਕਾਰਨ ਉਥੇ ਠੰਡ ਵਧ ਗਈ ਹੈ, ਇਸ ਦੇ ਬਾਵਜੂਦ ਵੱਡੀ ਗਿਣਤੀ ‘ਚ ਸ਼ਰਧਾਲੂ ਇਸ ਦੇ ਦਰਸ਼ਨਾਂ ਲਈ ਮੌਜੂਦ ਹਨ।
ਦੇਸ਼ ਵਿਆਪੀ ਮੌਸਮ ਅਪਡੇਟਸ
ਦਿੱਲੀ-ਐਨਸੀਆਰ ਵਿੱਚ ਮੌਸਮ ਵਿੱਚ ਤਬਦੀਲੀ ਕਾਰਨ ਕਈ ਉਡਾਣਾਂ ਨੂੰ ਜੈਪੁਰ ਅਤੇ ਹੋਰ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਹੈ।
ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਮੋਤੀਨਗਰ ਵਿੱਚ ਇੱਕ ਇਮਾਰਤ ਡਿੱਗ ਗਈ।
ਉੱਤਰਾਖੰਡ ਦੇ ਦੇਹਰਾਦੂਨ ‘ਚ ਭਾਰੀ ਮੀਂਹ ਪਿਆ, ਜਿਸ ਤੋਂ ਬਾਅਦ ਸ਼ਹਿਰ ਦੇ ਕਈ ਹਿੱਸਿਆਂ ‘ਚ ਪਾਣੀ ਭਰ ਗਿਆ। ਹਰਿਆਣਾ ‘ਚ ਤੇਜ਼ ਹਵਾਵਾਂ ਦੇ ਨਾਲ ਹੋਈ ਬਾਰਿਸ਼ ਕਾਰਨ ਗੁਰੂਗ੍ਰਾਮ ਦੇ ਕਈ ਇਲਾਕਿਆਂ ‘ਚ ਪਾਣੀ ਭਰ ਗਿਆ। ਜਿਸ ਕਾਰਨ ਟ੍ਰੈਫਿਕ ਜਾਮ ਦੀ ਸਥਿਤੀ ਵੀ ਬਣੀ ਰਹੀ। ਰਾਜਸਥਾਨ, ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਰਾਜਸਥਾਨ, ਬਿਹਾਰ, ਝਾਰਖੰਡ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਗੜੇਮਾਰੀ ਅਤੇ ਯੂਪੀ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਬਿਜਲੀ ਡਿੱਗਣ ਦਾ ਅਲਰਟ ਜਾਰੀ ਕੀਤਾ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸੋਮਵਾਰ ਤੜਕੇ ਮੌਸਮ ਬਦਲ ਗਿਆ। ਤੇਜ਼ ਹਵਾਵਾਂ ਨਾਲ ਸ਼ੁਰੂ ਹੋਏ ਮੀਂਹ ਨੇ ਕਈ ਇਲਾਕਿਆਂ ‘ਚ ਦਰੱਖਤ ਜੜ੍ਹੋਂ ਪੁੱਟ ਦਿੱਤੇ ਅਤੇ ਕਈ ਇਲਾਕਿਆਂ ‘ਚ ਬਿਜਲੀ ਸਪਲਾਈ ‘ਚ ਵਿਘਨ ਪਿਆ। ਇਸ ਦੇ ਨਾਲ ਹੀ ਮੀਂਹ ਕਾਰਨ ਕਈ ਉਡਾਣਾਂ ਨੂੰ ਰੋਕਣਾ ਪਿਆ ਤੇ 20 ਦੇ ਕਰੀਬ ਉਡਾਣਾਂ ਦੀ ਦਿਸ਼ਾ ਬਦਲੀ ਗਈ। ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੀ ਉਡਾਣ ਦੇ ਵੇਰਵਿਆਂ ਲਈ ਸਬੰਧਤ ਏਅਰਲਾਈਨ ਨਾਲ ਸੰਪਰਕ ਕਰਨ।