ਨਵੀਂ ਦਿੱਲੀ: ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪਾਣੀ ਭਰਨ ਤੇ ਆਵਾਜਾਈ ਵਿੱਚ ਵਿਘਨ ਦੀ ਸੰਭਾਵਨਾ ਦੇ ਨਾਲ ਬਹੁਤ ਖਰਾਬ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਦਿੱਲੀ ਲਈ (orange alert) ਜਾਰੀ ਕੀਤਾ ਹੈ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਦਿੱਲੀ ਵਿੱਚ ਇਸ ਸਾਲ ਮਾਨਸੂਨ ਦੇ ਦੌਰਾਨ ਬੁੱਧਵਾਰ ਸਵੇਰ ਤੱਕ 1164.7 ਮਿਲੀਮੀਟਰ ਮੀਂਹ ਪਿਆ, ਜੋ 1964 ਤੋਂ ਬਾਅਦ ਸਭ ਤੋਂ ਵੱਧ ਹੈ, ਅਤੇ ਜਦੋਂ ਤੋਂ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ, ਹੁਣ ਤੱਕ ਦੀ ਸਭ ਤੋਂ ਵੱਧ ਬਾਰਸ਼ ਸੂਚੀ ਵਿੱਚ ਤੀਜੇ ਨੰਬਰ ‘ਤੇ ਹੈ।
ਦਿੱਲੀ ਵਿੱਚ 1975 ਵਿੱਚ 1,155.6 ਮਿਲੀਮੀਟਰ ਅਤੇ 1964 ਵਿੱਚ 1,190.9 ਮਿਲੀਮੀਟਰ ਮੀਂਹ ਪਿਆ ਸੀ।ਆਈਐਮਡੀ ਅਧਿਕਾਰੀਆਂ ਦੇ ਅਨੁਸਾਰ, ਸਤੰਬਰ ਦੇ ਅੰਤ ਤੱਕ ਰੁਕ -ਰੁਕ ਕੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਹ ਦਿੱਲੀ ਵਿੱਚ ਹੁਣ ਤੱਕ ਦਾ ਦੂਜਾ ਸਭ ਤੋਂ ਭਾਰੀ ਮਾਨਸੂਨ ਬਣ ਸਕਦਾ ਹੈ।
ਅਧਿਕਾਰੀ ਨੇ ਕਿਹਾ, “ਪੱਛਮੀ ਗੜਬੜੀ ਅਤੇ ਨਮੀ ਨਾਲ ਭਰੀਆਂ ਪੂਰਬੀ ਹਵਾਵਾਂ ਦੇ ਆਪਸੀ ਤਾਲਮੇਲ ਕਾਰਨ ਬੁੱਧਵਾਰ ਨੂੰ ਹਲਕੀ ਬਾਰਿਸ਼ ਹੋਣ ਦੀ ਉਮੀਦ ਹੈ।” ਪੂਰਬੀ ਰਾਜਸਥਾਨ ‘ਤੇ ਚੱਕਰਵਾਤੀ ਚੱਕਰ ਬਣਿਆ ਹੋਇਆ ਹੈ। ਵੀਰਵਾਰ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ ਹੈ।
ਆਈਐਮਡੀ ਦੇ ਅਨੁਸਾਰ, 15 ਮਿਲੀਮੀਟਰ ਤੋਂ ਘੱਟ ਬਾਰਸ਼ ਨੂੰ ‘ਹਲਕਾ’, 15 ਤੋਂ 64.5 ਮਿਲੀਮੀਟਰ ਦੇ ਵਿਚਕਾਰ ‘ਮੱਧਮ’, 64.5 ਮਿਲੀਮੀਟਰ ਅਤੇ 115.5 ਮਿਲੀਮੀਟਰ ਦੇ ਵਿਚਕਾਰ ‘ਭਾਰੀ’, 115.6 ਅਤੇ 204.4 ਮਿਲੀਮੀਟਰ ਦੇ ਵਿਚਕਾਰ ‘ਬਹੁਤ ਜ਼ਿਆਦਾ’ ਅਤੇ ਇਸ ਤੋਂ ਵੱਧ 204.4 ਮਿਲੀਮੀਟਰ ਮੀਂਹ ਨੂੰ ‘ਬੇਹੱਦ ਭਾਰੀ’ ਵਰਖਾ ਮੰਨਿਆ ਜਾਂਦਾ ਹੈ।