ਦਿੱਲੀ ਗੁਰਦੁਆਰਾ ਕਮੇਟੀ ਨਾਲ ਯੂਕਰੇਨ ’ਚ ਫ਼ਸੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ 16 ਪਰਿਵਾਰਾਂ ਨੇ ਕੀਤਾ ਸੰਪਰਕ

0
37

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ 16 ਦੇ ਕਰੀਬ ਪਰਿਵਾਰਾਂ ਨੇ ਦਿੱਲੀ ਕਮੇਟੀ ਦੀ ਹੈਲਪਲਾਈਨ ਨੰਬਰ + 91-011-23712580-82 ’ਤੇ ਫ਼ੋਨ ਕਰਕੇ ਯੂਕਰੇਨ ਵਿਚ ਚੱਲ ਰਹੇ ਯੁੱਧ ਕਾਰਣ ਉੱਥੇ ਫ਼ਸੇ ਆਪਣੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਸੰਪਰਕ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਯੂਕਰੇਨ ’ਚ ਭਾਰਤੀਆਂ ਨੂੰ ਭੋਜਨ, ਪਾਣੀ, ਰਿਹਾਇਸ਼ ਆਦਿ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਨਵੀਂ ਦਿੱਲੀ ਵਿਚ ਯੂਕਰੇਨ ਸਫ਼ਾਰਤਖਾਨੇ ਅਤੇ ਯੂਕਰੇਨ, ਹੰਗਰੀ, ਪੌਲੈਂਡ ’ਚ ਭਾਰਤੀ ਸਫ਼ਾਰਤਖਾਨੇ ਤੇ ਵਿਦੇਸ਼ ਮੰਤਰਾਲਾ, ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਨ ਵਿਚ ਪਰਿਵਾਰਾਂ ਦੀ ਮਦਦ ਕਰ ਰਹੇ ਹਾਂ।

ਸ. ਕਾਲਕਾ ਅਤੇ ਸ. ਕਾਹਲੋਂ ਨੇ ਕਿਹਾ ਕਿ ਸਰਕਾਰ ਦੀ ਮੰਗ ’ਤੇ ਯੂਕਰੇਨ ਤੋਂ ਵਾਪਿਸ ਲਿਆਂਦੇ ਭਾਰਤੀਆਂ ਲਈ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿਚ ਮੁਫ਼ਤ ਸਰਾਂ ਅਤੇ ਹਰ ਸੰਭਵ ਮਦਦ ਮੁਹੱਈਆ ਕਰਾਉਣ ਵਿਚ ਦਿੱਲੀ ਕਮੇਟੀ ਨੂੰ ਖੁਸ਼ੀ ਹੋਵੇਗੀ। ਉਨ੍ਹਾਂ ਯੂਕਰੇਨ ਤੋਂ ਲਿਆਂਦੇ ਭਾਰਤੀਆਂ ਨੂੰ ਮੁਫ਼ਤ ਸਰਾਂ ਮੁਹੱਈਆ ਕਰਾਉਣ ਦੀ ਪੇਸ਼ਕਸ਼ ਕੀਤੀ ਅਤੇ ਨਾਲ ਹੀ ਯੂਕਰੇਨ ’ਚ ਫ਼ਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।

ਉਨ੍ਹਾ ਕਿਹਾ ਕਿ ਦਿੱਲੀ ਕਮੇਟੀ ਇਸ ਸਬੰਧ ਵਿਚ ਪਰਿਵਾਰਾਂ ਅਤੇ ਸਰਕਾਰੀ ਮੰਤਰਾਲਾ ਦੇ ਲਗਾਤਾਰ ਸੰਪਰਕ ਵਿਚ ਹੈ। ਅਸੀਂ ਸੰਕਟ ਦੀ ਇਸ ਘੜੀ ਵਿਚ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੇ ਹਾਂ ਅਤੇ ਪ੍ਰਮਾਤਮਾ ਅੱਗੇ ਉਨ੍ਹਾਂ ਦੇ ਬੱਚਿਆਂ ਅਤੇ ਰਿਸ਼ਤੇਦਾਰਾਂ ਦੀ ਸੁਰੱਖਿਅਤ ਭਾਰਤ ਵਾਪਸੀ ਦੀ ਅਰਦਾਸ ਕਰਦੇ ਹਾਂ। ਉਨ੍ਹਾ ਕਿਹਾ ਕਿ ਮਨੁੱਖਤਾ ਅਤੇ ਦੇਸ਼ ਸੇਵਾ ਲਈ ਦਿੱਲੀ ਗੁਰਦੁਆਰਾ ਕਮੇਟੀ ਹਮੇਸ਼ਾ ਤਿਆਰ ਹੈ।

LEAVE A REPLY

Please enter your comment!
Please enter your name here