ਨਵੀਂ ਦਿੱਲੀ : ਓਲੰਪਿਕ ਸੋਨਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਦੋ ਵਾਰ ਹਿੱਸਾ ਰਹਿ ਚੁੱਕੇ ਕੇਸ਼ਵ ਦੱਤ ਦਾ ਉਮਰ ਸਬੰਧਿਤ ਬਿਮਾਰੀਆਂ ਦੇ ਕਾਰਨ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਸਾਬਕਾ ਸੈਂਟਰ ਹਾਫਬੈਕ ਦੱਤ ਨੇ ਕੋਲਕਾਤਾ ਦੇ ਸੰਤੋਸ਼ਪੁਰ ‘ਚ ਆਪਣੇ ਨਿਵਾਸ ‘ਤੇ ਦੇਰ ਰਾਤ ਸਾਢੇ ਬਾਰਾਂ ਵਜੇ ਆਖਰੀ ਸਾਹ ਲਏ। ਦੱਤ 1948 ‘ਚ ਲੰਡਨ ਖੇਡਾਂ ‘ਚ ਭਾਰਤੀ ਟੀਮ ਦਾ ਹਿੱਸਾ ਸਨ ਜਿੱਥੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹਾਕੀ ‘ਚ ਸੋਨਾ ਤਗਮਾ ਜਿੱਤਿਆ। ਲੰਡਨ ਓਲੰਪਿਕ ਤੋਂ ਪਹਿਲਾਂ ਦੱਤ ਮਹਾਨ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੀ ਅਗਵਾਈ ਹੇਠ 1947 ਵਿਚ ਪੂਰਬੀ ਅਫਰੀਕਾ ਦੇ ਦੌਰੇ ‘ਤੇ ਵੀ ਗਏ ਸਨ।
29 ਦਸੰਬਰ 1925 ਨੂੰ ਲਾਹੌਰ ‘ਚ ਜੰਮੇ, ਦੱਤ 1952 ਦੇ ਹੇਲਸਿੰਕੀ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਵੀ ਹਿੱਸਾ ਸਨ। ਭਾਰਤੀ ਟੀਮ ਨੇ ਇਨ੍ਹਾਂ ਖੇਡਾਂ ਦੇ ਫਾਈਨਲ ਵਿਚ ਇਕ ਪਾਸੜ ਮੈਚ ਵਿਚ ਨੀਦਰਲੈਂਡ ਨੂੰ 6-1 ਨਾਲ ਹਰਾ ਕੇ ਲਗਾਤਾਰ ਪੰਜਵੀਂ ਵਾਰ ਓਲੰਪਿਕ ਖ਼ਿਤਾਬ ਜਿੱਤਿਆ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰਾ ਨਿੰਗੋਮਬਮ ਨੇ ਬਿਆਨ ਵਿਚ ਕਿਹਾ, ‘ਅੱਜ ਸਵੇਰੇ ਮਹਾਨ ਹਾਫਬੈਕ ਕੇਸ਼ਵ ਦੱਤ ਦੇ ਦੇਹਾਂਤ ਹੋਣ ਬਾਰੇ ਸੁਣ ਕੇ ਅਸੀਂ ਸਾਰੇ ਬਹੁਤ ਦੁਖੀ ਹਾਂ। ਉਹ 1948 ਅਤੇ 1952 ਓਲੰਪਿਕ ਵਿਚ ਸੋਨ ਤਮਗਾ ਜਿੱਤਣ ਵਾਲੀਆਂ ਭਾਰਤੀ ਟੀਮਾਂ ਦਾ ਇਕਮਾਤਰ ਜੀਵਿਤ ਮੈਂਬਰ ਸਨ ਅਤੇ ਅੱਜ ਅਜਿਹਾ ਲੱਗਦਾ ਹੈ ਕਿ ਇਕ ਯੁੱਗ ਦਾ ਅੰਤ ਹੋ ਗਿਆ ਹੈ।’ ਉਨ੍ਹਾਂ ਕਿਹਾ, “ਅਸੀਂ ਸਾਰੇ ਆਜ਼ਾਦ ਭਾਰਤ ਲਈ ਓਲੰਪਿਕ ਵਿਚ ਉਨ੍ਹਾਂ ਦੇ ਯਾਦਗਾਰ ਮੁਕਾਬਲਿਆਂ ਦੀਆਂ ਸ਼ਾਨਦਾਰ ਕਹਾਣੀਆਂ ਸੁਣ ਕੇ ਵੱਡੇ ਹੋਏ ਅਤੇ ਉਨ੍ਹਾਂ ਨੇ ਦੇਸ਼ ਵਿਚ ਹਾਕੀ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।”
ਉਨ੍ਹਾਂ ਕਿਹਾ, “ਹਾਕੀ ਇੰਡੀਆ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਉਂਦਾ ਹੈ ਅਤੇ ਫੈਡਰੇਸ਼ਨ ਦੀ ਤਰਫੋਂ, ਮੈਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।”ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ। ਭਾਰਤੀ ਟੀਮ ਦਾ ਇਕ ਮਹੱਤਵਪੂਰਨ ਹਿੱਸਾ ਰਹੇ ਦੱਤ ਨੇ 1951–1953 ਅਤੇ ਫਿਰ 1957–1958 ਵਿਚ ਮੋਹਨ ਬਾਗਾਨ ਹਾਕੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਦੀ ਮੌਜੂਦਗੀ ਵਾਲੀ ਮੋਹਣ ਬਾਗਾਨ ਦੀ ਟੀਮ ਨੇ 10 ਸਾਲਾਂ ਵਿਚ ਹਾਕੀ ਲੀਗ ਦਾ ਖ਼ਿਤਾਬ 6 ਵਾਰ ਅਤੇ ਬੇਟਨ ਕੱਪ 3 ਵਾਰ ਜਿੱਤਿਆ। ਉਨ੍ਹਾਂ ਨੂੰ 2019 ਵਿਚ ਮੋਹਨ ਬਾਗਾਨ ਰਤਨ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਗੈਰ-ਫੁੱਟਬਾਲਰ ਬਣ ਗਏ ਸਨ।