ਡੇਰਾ ਮੁਖੀ ਰਾਮ ਰਹੀਮ 21 ਦਿਨਾਂ ਦੀ ਫਰਲੋ ਖ਼ਤਮ ਹੋਣ ‘ਤੇ ਮੁੜ ਪਰਤਿਆ ਜੇਲ੍ਹ

0
115

ਡੇਰਾ ਮੁਖੀ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਖ਼ਤਮ ਹੋਣ ਤੋਂ ਬਾਅਦ ਸੋਮਵਾਰ ਨੂੰ ਵਾਪਸ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਹੈ। ਰਾਮ ਰਹੀਮ ਦੇ ਜੇਲ੍ਹ ਪਹੁੰਚਣ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਨੇੜੇ-ਤੇੜੇ ਦੇ ਖੇਤਰ ‘ਚ ਘੇਰਾਬੰਦੀ ਕੀਤੀ ਗਈ ਸੀ। ਫਰਲੋ ਖ਼ਤਮ ਹੋਣ ਤੋਂ ਬਾਅਦ ਰਾਮ ਰਹੀਮ ਸੋਮਵਾਰ ਨੂੰ ਕਰੀਬ 11 ਵਜੇ ਗੁਰੂਗ੍ਰਾਮ ਸਥਿਤ ਡੇਰੇ ‘ਚੋਂ  ਬਾਹਰ ਲਿਆਂਦਾ ਗਿਆ ਤੇ ਕਰੀਬ 50 ਮਿੰਟ ਦਾ ਸਫ਼ਰ ਤੈਅ ਕਰ ਕੇ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚ ਗਿਆ। ਉਸ ਨਾਲ 10 ਗੱਡੀਆਂ ਦਾ ਕਾਫ਼ਲਾ ਸੀ। ਜੇਲ੍ਹ ਅਤੇ ਨੇੜੇ-ਤੇੜੇ ਦੇ ਇਲਾਕਿਆਂ ‘ਚ ਸੁਰੱਖਿਆ ਲਈ 100 ਤੋਂ ਵਧ ਪੁਲਿਸ ਮੁਲਾਜ਼ਮਾਂ ਨੂੰ ਲਗਾਇਆ ਗਿਆ ਸੀ।

7 ਫਰਵਰੀ ਨੂੰ ਮਿਲੀ ਸੀ ਫਰਲੋ

ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਬੀਤੀ 7 ਫਰਵਰੀ ਨੂੰ ਫਰਲੋ ਦਿੱਤੀ ਗਈ ਸੀ। ਪੰਜਾਬ ਚੋਣਾਂ ਤੋਂ ਪਹਿਲਾਂ 21 ਦਿਨ ਦੀ ਫਰਲੋ ’ਤੇ ਬਾਹਰ ਆਏ ਸਨ। ਚੋਣਾਂ ਤੋਂ ਠੀਕ ਪਹਿਲਾਂ ਮਿਲੀ ਫਰਲੋ ’ਤੇ ਵਿਰੋਧੀ ਧਿਰ ਨੇ ਕਈ ਸਵਾਲ ਖੜ੍ਹੇ ਕੀਤੇ ਸਨ ਅਤੇ ਹਰਿਆਣਾ ਸਰਕਾਰ ਨੂੰ ਘੇਰਿਆ ਸੀ।

ਡੇਰਾ ਮੁਖੀ ਰਾਮ ਰਹੀਮ ਸਿਰਸਾ ਸਥਿਤ ਆਪਣੇ ਡੇਰੇ ’ਚ ਸਾਧਵੀਆਂ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ 20 ਸਾਲ ਦੀ ਸਜ਼ਾ ਕੱਟ ਰਹੇ ਹਨ। ਰਾਮ ਰਹੀਮ ਨੂੰ ਪੰਚਕੂਲਾ ਦੀ ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅਗਸਤ 2017 ’ਚ ਮਾਮਲੇ ’ਚ ਦੋਸ਼ੀ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਰਾਮ ਰਹੀਮ ਨੂੰ ਸਾਬਕਾ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੇ ਕਤਲ ਦੇ ਮਾਮਲੇ ’ਚ ਵੀ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

LEAVE A REPLY

Please enter your comment!
Please enter your name here