ਹਰਿਆਣਾ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾਯਾਫ਼ਤਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲਗਾਤਾਰ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ। ਪਿਛਲੇ 19 ਦਿਨਾਂ ਵਿੱਚ 25 ਹਜ਼ਾਰ ਤੋਂ ਜ਼ਿਆਦਾ ਰੱਖੜੀਆਂ ਡਾਕ ਰਾਹੀਂ ਪੁੱਜ ਚੁੱਕੀਆਂ ਹਨ। ਰਾਮ ਰਹੀਮ ਬਲਾਤਕਾਰ ਅਤੇ ਕਤਲ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ। ਉਧਰ, ਕਤਲ ਮਾਮਲੇ ਵਿੱਚ ਹਿਸਾਰ ਦੀ ਕੇਂਦਰੀ ਜੇਲ੍ਹ ਵਿੱਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਕਰੋਂਧਾ ਆਸ਼ਰਮ ਮੁਖੀ ਰਾਮਪਾਲ ਲਈ 25 ਰੱਖੜੀਆਂ ਪੁੱਜੀਆਂ ਹਨ।
ਰੱਖੜੀ ਪਹੁੰਚਾਉਣ ਲਈ ਐਤਵਾਰ ਨੂੰ ਵੀ ਸਪੈਸ਼ਲ ਡਿਲੀਵਰੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਹਰਿਆਣਾ ਵਿੱਚ ਡਾਕ ਵਿਭਾਗ ਦੇ 850 ਡਾਕੀਏ ਅਤੇ 2190 ਪੇਂਡੂ ਡਾਕ ਸੇਵਕ ਰੱਖੜੀਆਂ ਪਹੁੰਚਾਉਣ ਦਾ ਕੰਮ ਕਰਦੇ ਹਨ। ਡਾਕੀਆ ਰੱਖੜੀ ਪਹੁੰਚਾਉਣ ਲਈ ਲਗਭਗ ਡੇਢ ਘੰਟਾ ਵੱਧ 6:30 ਵਜੇ ਤੱਕ ਡਿਊਟੀ ਦੇ ਰਹੇ ਹਨ।
ਖ਼ਬਰ ਅਨੁਸਾਰ, ਹਰਿਆਣਾ ਦੀ ਚੀਫ਼ ਪੋਸਟ ਮਾਸਟਰ ਜਨਰਲ ਰੰਜੂ ਪ੍ਰਸਾਦ ਨੇ ਦੱਸਿਆ ਕਿ 1 ਤੋਂ 19 ਅਗਸਤ ਤੱਕ ਡਾਕ ਵਿਭਾਗ 2.95 ਲੱਖ ਰੱਖੜੀਆਂ ਪਹੁੰਚਦੀਆਂ ਕਰ ਚੁੱਕਿਆ ਹੈ, ਜਦਕਿ ਪਿਛਲੇ ਸਾਲ 2.78 ਲੱਖ ਰੱਖੜੀਆਂ ਪੁੱਜੀਆਂ ਸਨ। ਇਸ ਵਾਰੀ ਡਾਕ ਵਿਭਾਗ ਵੱਲੋਂ ਪਿਛਲੇ ਸਾਲ ਦੀ ਤੁਲਨਾ ਵਿੱਚ 25 ਫ਼ੀਸਦੀ ਤੱਕ ਜ਼ਿਆਦਾ ਰੁਝਾਨ ਹੈ। ਵਿਦੇਸ਼ਾਂ ਵਿੱਚ ਵੀਰਵਾਰ ਤੱਕ 4,125 ਰੱਖੜੀਆਂ ਡਾਕ ਰਾਹੀਂ ਪਹੁੰਚਾਈਆਂ ਜਾ ਚੁੱਕੀਆਂ ਹਨ।
Haryana News: ਡਾਕ ਵਿਭਾਗ ਵੱਲੋਂ 10 ਰੇਲ ਗੱਡੀਆਂ ਰਾਹੀਂ ਡਾਕ ਭੇਜੀ ਜਾ ਰਹੀ ਹੈ, ਪਰ ਕੋਰੋਨਾ ਕਾਲ ਵਿੱਚ 4 ਰੇਲਾਂ ਹੀ ਚੱਲ ਰਹੀਆਂ ਹਨ। ਡਾਕ ਵਿਭਾਗ ਨੇ ਰੱਖੜੀ ਭੇਜਣ ਲਈ ਖਾਸ ਲਿਫ਼ਾਫ਼ੇ ਜਾਰੀ ਕੀਤੇ ਹਨ। ਹੁਣ ਤੱਕ 40 ਹਜ਼ਾਰ ਲਿਫ਼ਾਫ਼ਾ ਵਿਕ ਚੁੱਕੇ ਹਨ।