ਡਰੱਗਜ਼ ਮਾਮਲੇ ‘ਚ ਨਵਾਂ ਨੋਟਿਸ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਅੱਜ ਫਿਰ ਤੋਂ ਜਾਂਚ ਕਮੇਟੀ (ਐਸਆਈਟੀ) ਸਾਹਮਣੇ ਪੇਸ਼ ਹੋਣ ਜਾ ਰਹੇ ਹਨ। ਨਵੀਂ SIT ਦੇ ਗਠਨ ਤੋਂ ਬਾਅਦ ਬਿਕਰਮ ਮਜੀਠੀਆ ਦੀ ਇਹ ਪਹਿਲੀ ਪੇਸ਼ੀ ਹੈ। ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਤਿੰਨ ਵਾਰ ਪੇਸ਼ ਹੋਏ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਸਨ।
ਨਵੀਂ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। ਸਰਕਾਰ ਨੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਸਆਈਟੀ ਦਾ ਪੁਨਰਗਠਨ ਕੀਤਾ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮਜੀਠੀਆ ਨੂੰ 27 ਦਸੰਬਰ ਨੂੰ ਬੁਲਾਇਆ ਗਿਆ ਸੀ ਪਰ ਉਹ ਨਾਕਾਫ਼ੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਪੁਰਾਣੀ ਐਸਆਈਟੀ ਨੇ 30 ਦਸੰਬਰ ਨੂੰ ਉਸ ਨੂੰ ਦੁਬਾਰਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ ਅਤੇ ਕਰੀਬ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਸੀ।