ਹਿਮਾਚਲ ਪ੍ਰਦੇਸ਼ ਵਿੱਚ ਨਵਾਂ ਮੋਟਰ ਵਾਹਨ ਐਕਟ ਲਾਗੂ ਹੋ ਗਿਆ ਹੈ। ਇਸ ਸੰਬੰਧੀ ਸਰਕਾਰ ਵੱਲੋਂ ਮੋਟਰ ਵਾਹਨ ਐਕਟ ਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨਾ ਭੁਗਤਣਾ ਪਵੇਗਾ। ਇਸ ਨੋਟੀਫਿਕੇਸ਼ਨ ਅਨੁਸਾਰ, ਜੇਕਰ ਕੋਈ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰੇਗਾ ਤਾਂ ਉਸਨੂੰ ਪਹਿਲੀ ਵਾਰ 2500 ਰੁਪਏ ਦਾ ਜੁਰਮਾਨਾ ਲੱਗੇਗਾ ,ਇਸਦੇ ਨਾਲ ਹੀ ਜੇਕਰ ਤਿੰਨ ਸਾਲਾਂ ਦੀ ਮਿਆਦ ਦੇ ਅੰਦਰ ਫੋਨ ਦੀ ਮੁੜ ਵਰਤੋਂ ਕੀਤੀ ਜਾਂਦੀ ਹੈ ਤਾਂ 15,000 ਰੁਪਏ ਜੁਰਮਾਨਾ ਭਰਨਾ ਪਵੇਗਾ।
ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਦੇ ਵਾਹਨ ਚਲਾਉਣ ‘ਤੇ 5000 ਤੋਂ 7500 ਰੁਪਏ ਤੱਕ ਦਾ ਜੁਰਮਾਨਾ ਆਕਰਸ਼ਿਤ ਹੋਵੇਗਾ। ਸਹੀ ਜਾਣਕਾਰੀ ਦਿੱਤੇ ਬਿਨਾਂ ਲਾਇਸੈਂਸ ਲੈਣ ਲਈ 10000 ਤੋਂ 15000 ਰੁਪਏ, ਜਦਕਿ ਅਯੋਗ ਹੋਣ ਦੇ ਬਾਵਜੂਦ ਕੰਡਕਟਰ ਬਣਨ ਲਈ 5000 ਤੋਂ 15000 ਰੁਪਏ ਜੁਰਮਾਨਾ ਲੱਗੇਗਾ।
ਇਸ ਤੋਂ ਇਲਾਵਾ ਬੀਮਾ ਰਹਿਤ ਵਾਹਨ ਚਲਾਉਣ ‘ਤੇ 2000 ਤੋਂ 6000 ਰੁਪਏ ਤੱਕ ਦਾ ਜੁਰਮਾਨਾ ਹੋਵੇਗਾ। ਸਮੀਖਿਆ ਦੌਰਾਨ ਜੁਰਮਾਨੇ ਦੀਆਂ ਦਰਾਂ ਵਿੱਚ ਘਾਟਾ-ਵਾਧਾ ਵੀ ਕੀਤਾ ਜਾ ਸਕਦਾ ਹੈ। ਜੇ ਵਾਹਨ ਬਣਾਉਣ ਵਾਲਾ ਜਾਂ ਡੀਲਰ ਜਾਂ ਵਾਹਨ ਮੁਹੱਈਆ ਕਰਵਾਉਣ ਵਾਲਾ ਵਾਹਨ ਵਿਚ ਕੋਈ ਬਦਲਾਅ ਕਰਦਾ ਹੈ ਤਾਂ ਉਸ ਨੂੰ ਇੱਕ ਲੱਖ ਤੋਂ ਡੇਢ ਲੱਖ ਤੱਕ ਦਾ ਜੁਰਮਾਨਾ ਹੋਵੇਗਾ। ਆਪਣੇ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਕੇ ਵਾਹਨ ‘ਚ ਬਦਲਾਅ ਕਰਨ ‘ਤੇ ਪੰਜ ਤੋਂ ਸਾਢੇ ਸੱਤ ਹਜ਼ਾਰ ਰੁਪਏ, ਤੇਜ਼ ਰਫ਼ਤਾਰ ਵਾਹਨ ਚਲਾਉਣ ‘ਤੇ 3 ਤੋਂ 6 ਹਜ਼ਾਰ ਰੁਪਏ, ਜਨਤਕ ਥਾਂ ‘ਤੇ ਰੇਸ ਜਾਂ ਰਫ਼ਤਾਰ ਸਮੀਖਿਆ ਕਰਨ ‘ਤੇ 5 ਤੋਂ 15 ਹਜ਼ਾਰ, ਬਿਨਾਂ ਰਜਿਸਟ੍ਰੇਸ਼ਨ ਵਾਹਨ ਦੀ ਵਰਤੋਂ 3 ਤੋਂ 15 ਹਜ਼ਾਰ ਜੁਰਮਾਨਾ ਲੱਗੇਗਾ।
ਹਾਰਨ ਵਜਾਉਣ ‘ਤੇ ਜੁਰਮਾਨਾ
ਇਸ ਤੋਂ ਬਿਨਾਂ ਸਰਕਾਰ ਨੇ ਜਨਤਕ ਥਾਵਾਂ ‘ਤੇ ਹਾਰਨ ਵਜਾਉਣ ਲਈ ਵੀ ਜੁਰਮਾਨੇ ਨਿਰਧਾਰਤ ਕੀਤੇ ਹਨ। ਇਸ ਦੇ ਲਈ 1500 ਤੋਂ 3 ਹਜ਼ਾਰ ਰੁਪਏ ਦੇ ਵਿਚਕਾਰ ਰਕਮ ਨਿਰਧਾਰਤ ਕੀਤੀ ਗਈ ਹੈ। ਜੇ ਕੋਈ ਮਾਲ ਵਾਹਨ ਚੈੱਕ ਕਰਨ ਅਤੇ ਵਜ਼ਨ ਲਈ ਨਹੀਂ ਰੁਕਦਾ ਤਾਂ ਉਸ ਨੂੰ 60 ਹਜ਼ਾਰ ਰੁਪਏ ਜੁਰਮਾਨਾ ਦੇਣਾ ਪਏਗਾ। ਇਸ ਦੇ ਨਾਲ ਹੀ ਐਮਰਜੈਂਸੀ ਵਾਹਨਾਂ ਜਿਵੇਂ ਕਿ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਸਤਾ ਨਾ ਦੇਣ ‘ਤੇ 15,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।