ਟ੍ਰੈਫਿਕ ਨਿਯਮ ਤੋੜਨ ਵਾਲੇ ਹੋ ਜਾਣ ਸਾਵਧਾਨ ! ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਰਨਾ ਪਵੇਗਾ ਭਾਰੀ ਜੁਰਮਾਨਾ

0
501

ਪੰਜਾਬ ਸਰਕਾਰ ਹੁਣ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖਤ ਹੋ ਗਈ ਹੈ। ਹੁਣ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਤੁਹਾਨੂੰ ਜੁਰਮਾਨੇ ਦੇ ਨਾਲ -ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਕਰਵਾਉਣੀ ਪੈ ਸਕਦੀ ਹੈ। ਇਸ ਤੋਂ ਇਲਾਵਾ ਹਸਪਤਾਲ ’ਚ ਸੇਵਾ ਤੇ ਖ਼ੂਨਦਾਨ ਵੀ ਕਰਨਾ ਪੈ ਸਕਦਾ ਹੈ।

ਦੱਸ ਦਈਏ ਕਿ ਸੂਬੇ ਦੇ ਟਰਾਂਸਪੋਰਟ ਵਿਭਾਗ ਨੇ ਮੋਟਰ ਵ੍ਹੀਕਲ ਐਕਟ ਤਹਿਤ ਹੋਣ ਵਾਲੀ ਕਾਰਵਾਈ ’ਚ ਅਜਿਹੇ ਸਮਾਜ ਸੇਵਾ ਵਾਲੇ ਕੰਮਾਂ ਨੂੰ ਵੀ ਸ਼ਾਮਲ ਕਰ ਦਿੱਤਾ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਭਾਗ ਦੀ ਇਸ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਬੰਧਤ ਅਥਾਰਟੀ ਨੂੰ ਇਸ ਦੇ ਆਧਾਰ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਕੰਮਾਂ ਲਈ ਲੋਕਾਂ ਨੂੰ ਬਦਲ ਵੀ ਦਿੱਤਾ ਜਾਵੇਗਾ। ਉਹ ਆਪਣੀ ਸਹੂਲਤ ਨਾਲ ਸੇਵਾ ਚੁਣ ਸਕਣਗੇ।

ਇਹ ਤਜਵੀਜ਼ ਰੋਡ ਸੇਫਟੀ ਕੌਂਸਲ ਦੇ ਸਾਬਕਾ ਨੋਡਲ ਅਫ਼ਸਰ ਤੇ ਸੰਗਰੂਰ ਜ਼ਿਲ੍ਹੇ ਦੇ ਮੌਜੂਦਾ ਰੀਜਨਲ ਟਰਾਂਸਪੋਰਟ ਅਥਾਰਟੀ (ਆਰਟੀਏ) ਰਵਿੰਦਰ ਸਿੰਘ ਗਿੱਲ ਨੇ ਕਈ ਵਾਰੀ ਅਕਾਲੀ ਦਲ ਤੇ ਕਾਂਗਰਸ ਦੀ ਸਰਕਾਰ ਨੂੰ ਭੇਜੀ ਸੀ, ਪਰ ਇਸ ’ਤੇ ਕੰਮ ਨਹੀਂ ਹੋਇਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਲੋਕ ਜੁਰਮਾਨੇ ਦੇ ਨਾਲ-ਨਾਲ ਸਮਾਜ ਸੇਵਾ ਦਾ ਕੰਮ ਵੀ ਕਰਨ, ਇਹ ਯਕੀਨੀ ਬਣਾਉਣ ਲਈ ਸਬੰਧਤ ਅਥਾਰਟੀ ਤੋਂ ਸਰਟੀਫਿਕੇਟ ਹਾਸਲ ਕਰਨਾ ਪਵੇਗਾ। ਯਾਨੀ ਜੇਕਰ ਕੋਈ ਖ਼ੂਨਦਾਨ ਕਰਦਾ ਹੈ, ਤਾਂ ਉਸ ਨੂੰ ਹਸਪਾਤਲ ਵੱਲੋਂ ਜਾਰੀ ਸਰਟੀਫਿਕੇਟ ਦਿਖਾਉਣ ’ਤੇ ਹੀ ਜ਼ਬਤ ਕੀਤੇ ਗਏ ਦਸਤਾਵੇਜ਼ ਵਾਪਸ ਕੀਤੇ ਜਾਣਗੇ।

ਨਿਯਮ ਤੋੜਨ ‘ਤੇ ਮਿਲੇਗੀ ਕਿਹੜੀ ਸਜ਼ਾ

ਵਾਹਨ ਤੇਜ਼ ਚਲਾਉਣ ‘ਤੇ ਸਜ਼ਾ:

ਨਿਰਧਾਰਤ ਰਫ਼ਤਾਰ ਨਾਲੋਂ ਤੇਜ਼ ਵਾਹਨ ਚਲਾਉਣ ’ਤੇ ਪਹਿਲੀ ਵਾਰੀ ਇਕ ਹਜ਼ਾਰ ਰੁਪਏ ਤੇ ਦੂਜੀ ਵਾਰੀ ਦੋ ਹਜ਼ਾਰ ਰੁਪਏ ਜੁਰਮਾਨਾ ਤਾਂ ਹੋਵੇਗਾ। ਇਸ ਤੋਂ ਇਲਾਵਾ ਨਿਯਮ ਤੋੜਨ ਵਾਲੇ ਨੂੰ ਟਰਾਂਸਪੋਰਟ ਵਿਭਾਗ ਦਾ ਇਕ ਰਿਫ੍ਰੈਸ਼ਰ ਕੋਰਸ ਕਰਨਾ ਪਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਸਕੂਲ ’ਚ ਨੌਵੀਂ ਤੋਂ ਬਾਰ੍ਹਵੀਂ ਤਕ ਦੇ 20 ਵਿਿਦਆਰਥੀਆਂ ਨੂੰ ਦੋ ਘੰਟੇ ਲਈ ਟ੍ਰੈਫਿਕ ਨਿਯਮਾਂ ਬਾਰੇ ਪੜ੍ਹਾਉਣਾ ਪਵੇਗਾ। ਇਸ ਪਿੱਛੋਂ ਨੋਡਲ ਅਫ਼ਸਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਜ਼ਦੀਕੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟਿਆਂ ਤਕ ਸੇਵਾਵਾਂ ਦੇਣੀਆਂ ਪੈਣਗੀਆਂ ਜਾਂ ਫਿਰ ਨਜ਼ਦੀਕੀ ਬਲੱਡ ਬੈਂਕ ’ਚ ਇਕ ਯੂਨਿਟ ਖ਼ੂਨਦਾਨ ਕਰਨਾ ਪਵੇਗਾ। ਦੂਜੀ ਵਾਰੀ ਇਹ ਉਲੰਘਣਾ ਕਰਨ ’ਤੇ ਜੁਰਮਾਨੇ ਦੀ ਰਾਸ਼ੀ ਦੁੱਗਣੀ ਹੋ ਜਾਵੇਗੀ, ਪਰ ਸਮਾਜਿਕ ਸੇਵਾ ਇਹੀ ਰਹੇਗੀ।

ਨਸ਼ਾ ਕਰਕੇ ਡਰਾਈਵਿੰਗ
ਨਸ਼ੇ ਦੀ ਵਰਤੋਂ ਕਰ ਕੇ ਡਰਾਈਵਿੰਗ ਕਰਨ ’ਤੇ ਪਹਿਲੀ ਵਾਰੀ ਪੰਜ ਹਜ਼ਾਰ ਰੁਪਏ ਤੇ ਦੂਜੀ ਵਾਰੀ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਦੋਵੇਂ ਹਾਲਾਤ ’ਚ ਤਿੰਨ ਮਹੀਨੇ ਲਈ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਹਸਪਤਾਲ ’ਚ ਡਾਕਟਰ ਦੀ ਦੇਖ-ਰੇਖ ’ਚ ਦੋ ਘੰਟੇ ਤਕ ਸੇਵਾਵਾਂ ਦੇਣੀਆਂ ਪੈਣਗੀਆਂ ਜਾਂ ਫਿਰ ਨਜ਼ਦੀਕੀ ਬਲੱਡ ਬੈਂਕ ’ਚ ਇਕ ਯੂਨਿਟ ਖ਼ੂਨਦਾਨ ਕਰਨਾ ਪਵੇਗਾ।

ਕੇਰਲ ਤੋਂ ਬਾਅਦ ਇਸ ਤਰ੍ਹਾਂ ਕਰਨ ਵਾਲਾ ਪੰਜਾਬ ਦੂਜਾ ਸੂਬਾ

ਦੇਸ਼ ’ਚ ਪਹਿਲਾਂ ਸਿਰਫ਼ ਕੇਰਲ ’ਚ ਹੀ ਟਰਾਂਸਪੋਰਟ ਵਿਭਾਗ ’ਚ ਇਸ ਤਰ੍ਹਾਂ ਦੀ ਸਜ਼ਾ ਦੀ ਵਿਵਸਥਾ ਸੀ। ਹੁਣ ਪੰਜਾਬ ਇਸ ਤਰ੍ਹਾਂ ਕਰਨ ਵਾਲਾ ਦੂਜਾ ਸੂਬਾ ਬਣ ਗਿਆ ਹੈ। ਟਰਾਂਸਪੋਰਟ ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਹੋਰ ਸੂਬੇ ਵੀ ਪ੍ਰੇਰਿਤ ਹੋਣਗੇ।

ਨਿਯਮਾਂ ਦੀ ਉਲੰਘਣਾ ’ਚ ਆਏਗੀ ਕਮੀ: ਗਿੱਲ

ਪੰਜਾਬ ਰੋਡ ਸੇਫਟੀ ਕੌਂਸਲ ਦੇ ਸਾਬਕਾ ਨੋਡਲ ਅਫ਼ਸਰ ਤੇ ਮੌਜੂਦਾ ਆਰਟੀਏ (ਸੰਗਰੂਰ) ਰਵਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਸਜ਼ਾ ਦੇ ਨਾਲ-ਨਾਲ ਸਮਾਜ ਸੇਵਾ ਦੀ ਵਿਵਸਥਾ ਵੀ ਲਾਗੂ ਕਰ ਕੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਨਾਲ ਨਿਯਮਾਂ ਦੀ ਉਲੰਘਣਾ ’ਚ ਕਾਫ਼ੀ ਕਮੀ ਆਏਗੀ। ਹੋਰ ਲੋਕ ਵੀ ਜਾਗਰੂਕ ਹੋਣਗੇ।

LEAVE A REPLY

Please enter your comment!
Please enter your name here