ਇੰਡੀਆ ਤੇ ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਟੈਸਟ ਸੀਰੀਜ ਦੇ ਦੌਰਾਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਖ਼ਬਰ ਸਾਹਮਣੇ ਆਈ ਹੈ ਕਿ ਟੀਮ ਇੰਡੀਆ ਦੇ ਸਪੋਰਟ ਸਟਾਫ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਹੋ ਗਿਆ ਹੈ। ਇਸ ਲਈ ਉਨ੍ਹਾਂ ਨੂੰ ਆਈਸੋਲੇਟ ਕੀਤਾ ਗਿਆ ਹੈ। ਇਨ੍ਹਾਂ ‘ਚ ਕੋਚ ਰਵੀ ਸ਼ਾਸਤਰੀ, ਗੇਂਦਬਾਜ਼ੀ ਕੋਚ ਭਰਤ ਅਰੁਣ, ਫੀਲਡਿੰਗ ਕੋਚ ਆਰ ਸ੍ਰੀਧਰ ਤੇ ਫਿਜਿਓ ਨਿਤਿਨ ਪਟੇਲ ਸ਼ਾਮਲ ਹਨ। ਰਵੀ ਸ਼ਾਸਤਰੀ ਦਾ ਲੈਟਰਲ ਫਲੋਅ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਇਨ੍ਹਾਂ ਨੂੰ ਆਈਸੋਲੇਟ ਕੀਤਾ ਹੈ।
ਬੀਸੀਸੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ‘ਸ਼ਾਸਤਰੀ ਸਮੇਤ ਆਈਸੋਲੇਟ ਕੀਤੇ ਗਏ ਚਾਰਾਂ ਲੋਕਾਂ ਦਾ ਆਰਟੀ-ਪੀਸੀਆਰ ਟੈਸਟ ਹੋਇਆ ਹੈ ਤੇ ਇਹ ਸਾਰੇ ਲੋਕ ਟੀਮ ਹੋਟਲ ‘ਚ ਰਹਿਣਗੇ। ਟੀਮ ਇੰਡੀਆ ਦੇ ਨਾਲ ਉਹ ਉਦੋਂ ਤਕ ਯਾਤਰਾ ਨਹੀਂ ਕਰਨਗੇ ਜਦੋਂ ਤਕ ਕਿ ਮੈਡੀਕਲ ਟੀਮ ਇਸ ਦੀ ਇਜਾਜ਼ਤ ਨਹੀਂ ਦੇ ਦਿੰਦੀ।’
ਟੀਮ ਇੰਡੀਆ ਦੇ ਬਾਕੀ ਮੈਂਬਰਾਂ ਦਾ ਵੀ ਲੈਟਰਲ ਫਲੋਅ ਟੈਸਟ ਹੋਇਆ ਹੈ। ਇਕ ਟੈਸਟ ਕੱਲ੍ਹ ਰਾਤ ਤੇ ਦੂਜਾ ਅੱਜ ਸਵੇਰੇ ਹੋਇਆ। ਸ਼ਾਹ ਨੇ ਕਿਹਾ ਕਿ ਟੀਮ ਦੇ ਬਾਕੀ ਮੈਂਬਰਾਂ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਓਵਲ ‘ਚ ਚੱਲ ਰਹੇ ਚੌਥੇ ਟੈਸਟ ਦੇ ਚੌਥੇ ਦਿਨ ਦੇ ਖੇਡ ‘ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ।