ਜੰਮੂ-ਕਸ਼ਮੀਰ ‘ਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਹਨ ਤੇ ਘਾਟੀ ‘ਚ ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਬਦਲ ਰਹੀ ਸਥਿਤੀ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਸੋਮਵਾਰ ਨੂੰ ਸੂਰਨਕੋਟ ਸੈਕਟਰ ‘ਚ 5 ਜਵਾਨਾਂ ਦੀ ਸ਼ਹਾਦਤ ‘ਤੇ ਦੁੱਖ ਪ੍ਰਗਟ ਕਰਦਿਆਂ ਕੈਪਟਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਗਟਾਇਆ ਗਿਆ ਡਰ ਸੱਚ ਸਾਬਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ ਨੂੰ ਨਿਰਣਾਇਕ ਤੇ ਦ੍ਰਿੜਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ। ਫ਼ੌਜ ਵਿੱਚ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਇਹ ਪ੍ਰਤੀਕਿਰਿਆ ਜੰਮੂ-ਕਸ਼ਮੀਰ ਵਿੱਚ ਲਗਾਤਾਰ ਵਧ ਰਹੇ ਅੱਤਵਾਦੀ ਹਮਲਿਆਂ ਦੌਰਾਨ ਆਈ ਹੈ।
ਇਸ ਸੰਬੰਧ ‘ਚ ਕੈਪਟਨ ਨੇ ਇੱਕ ਟਵੀਟ ਕੀਤਾ ਹੈ। ਟਵੀਟ ਵਿੱਚ ਕੈਪਟਨ ਨੇ ਲਿਖਿਆ ਹੈ ਕਿ ਸਾਡਾ ਸਭ ਤੋਂ ਵੱਡਾ ਡਰ ਸੱਚ ਹੋ ਰਿਹਾ ਹੈ। ਪਾਕਿਸਤਾਨ ਸਮਰਥਿਤ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਕਸ਼ਮੀਰ ‘ਚ ਅੱਤਵਾਦ ਵਧ ਰਿਹਾ ਹੈ। ਘੱਟ ਗਿਣਤੀਆਂ ਨੂੰ ਲੱਭਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਹੁਣ ਸੂਰਨਕੋਟ ਸੈਕਟਰ ਵਿੱਚ ਪੰਜ ਜਵਾਨ ਸ਼ਹੀਦ ਹੋ ਗਏ ਹਨ।
ਹਾਲ ਹੀ ਵਿੱਚ ਸ਼੍ਰੀਨਗਰ ਦੇ ਸਰਕਾਰੀ ਹਾਈ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸਤਿੰਦਰ ਕੌਰ ਅਤੇ ਅਧਿਆਪਕ ਦੀਪਕ ਚੰਦ ਦਾ ਸਕੂਲ ਵਿੱਚ ਦਾਖਲ ਹੋਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਹਿੰਦੂ ਕਰਮਚਾਰੀਆਂ ਨੂੰ ਪਹਿਲਾਂ ਵੀ ਨਿਸ਼ਾਨਾ ਬਣਾਇਆ ਗਿਆ ਸੀ।