ਨੈਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਧੜੇ ਨਾਲ਼ ਸਬੰਧਤ 30 ਮੈਂਬਰ ਮੁਲਕਾਂ ਵਿੱਚੋਂ ਸਭ ਤੋਂ ਸਰਗਰਮ ਮੁਲਕਾਂ ਅਮਰੀਕਾ ਅਤੇ ਬ੍ਰਤਾਨੀਆ ਦੇ ਮੁਖੀਆਂ, ਕ੍ਰਮਵਾਰ ਜੋ ਬਾਇਡਨ ਅਤੇ ਬੌਰਿਸ ਜੌਹਨਸਨ, ਨੇ ਆਪੋ ਆਪਣੇ ਮੁਲਕਾਂ ਦੇ ਯੁਕਰੇਨ ਵਿੱਚ ਵਸਦੇ ਨਾਗਰਿਕਾਂ ਨੂੰ ਯੁਕਰੇਨ ਛੱਡਣ ਦੇ ਆਦੇਸ਼ ਦੇ ਦਿੱਤੇ ਹਨ। ਬ੍ਰਤਾਨੀਆ ਦੇ ਵਿਦੇਸ਼, ਕਾਮਨਵੈਲਥ ਅਤੇ ਵਿਕਾਸ ਵਿਭਾਗ ਨੇ ਸਰਕਾਰ ਦੇ ਹਵਾਲੇ ਨਾਲ਼ ਆਪਣੇ ਸਾਰੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਯੁਕਰੇਨ ਛੱਡਣ ਦੀ ਸਲਾਹ ਦਿੱਤੀ ਹੈ। ਨਾਗਰਿਕਾਂ ਦੀ ਸਹੂਲਤ ਅਤੇ ਵਧੇਰੇ ਜਾਣਕਾਰੀ ਲਈ ਵਿਸ਼ੇਸ਼ ਤੱਤਕਾਲੀ ਟੈਨੀਫੋਨ ਨੰਬਰ ਵੀ ਪ੍ਰਦਾਨ ਕਰ ਦਿੱਤੇ ਗਏ ਹਨ। ਸਾਰਾ ਯੂਰਪੀ ਮੀਡੀਆ ਇਹਨਾਂ ਖ਼ਬਰਾਂ ਨੂੰ ਮੁੱਖ ਸੁਰਖੀਆਂ ਅਤੇ ਹੰਗਾਮੀ ਖ਼ਬਰਾਂ ਵਜ੍ਹੋਂ ਉਭਾਰ ਰਿਹਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਅਮਰੀਕਾ ਨੇ ਬਹੁਤ ਸਾਰੇ ਲੜਾਈ ਦੇ ਸਮਾਨ ਸਮੇਤ ਆਪਣੇ 10 ਹਜ਼ਾਰ ਦੇ ਕਰੀਬ ਫ਼ੌਜੀ ਵੀ ਯੁਕਰੇਨ ਵਿੱਚ ਭੇਜ ਦਿੱਤੇ ਸਨ। ਓਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਗਵਾਂਢੀ ਮਿੱਤਰ ਮੁਲਕ ਬੇਲੋਰੂਸ ਦੇ ਮੁਖੀ ਅਲੈਗਜ਼ੈਂਡਰ ਲੂਕਾਸ਼ੈਂਕੋ ਨਾਲ਼ ਸਲਾਹ ਮਸ਼ਵਰਾ ਕਰਕੇ ਯੁਕਰੇਨ ਅਤੇ ਨੈਟੋ ‘ਤੇ ਦਬਾਅ ਪਾਉਣ ਅਤੇ ਆਪਣੀ ਫ਼ੌਜੀ ਸ਼ਕਤੀ ਦਿਖਾਉਣ ਦੇ ਇਰਾਦੇ ਨਾਲ਼ ਰੂਸੀ ਅਤੇ ਬੇਲੋਰੂਸੀ ਫ਼ੌਜਾਂ ਦੀਆਂ 12 ਦਿਨ ਚੱਲਣ ਵਾਲ਼ੀਆਂ ਜੰਗੀ ਮਸ਼ਕਾਂ ਦਾ ਐਲਾਨ ਕਰ ਦਿੱਤਾ ਸੀ। ਦੂਜੇ ਪਾਸੇ ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕ ਰੂਸ ‘ਤੇ ਕਰੜੀਆਂ ਵਪਾਰਕ ਅਤੇ ਆਰਥਿਕ ਪਬੰਦੀਆਂ ਸਖ਼ਤ ਕਰਨ ਦਾ ਐਲਾਨ ਕਰਨ ਦੀ ਤਿਆਰੀ ਵਿੱਚ ਹਨ।
ਅੱਜ ਤੋਂ 8 ਸਾਲ ਪਹਿਲਾਂ ਪੂਤਿਨ ਨੇ ਕ੍ਰੀਮੀਆ ‘ਤੇ ਹਮਲਾ ਕਰਕੇ ਉਸਨੂੰ ਰੂਸ ਵਿੱਚ ਮਿਲਾ ਲਿਆ ਸੀ। ਯੁਕਰੇਨ ਦੇ ਸਾਰੇ ਘਟਨਾ ਕ੍ਰਮ ਪਿੱਛੇ ਰੂਸ ਦਾ ਇੱਕੋ ਇੱਕ ਮੁੱਖ ਮਕਸਦ ਜੋ ਸਮਝ ਆ ਰਿਹਾ ਹੈ, ਉਹ ਯੁਕਰੇਨ ਨੂੰ ਨੈਟੋ ਦਾ ਮੈਂਬਰ ਬਣਨ ਤੋ ਰੋਕਣਾ ਹੈ।