ਨਾਭਾ : ਮੈਕਸੀਮਮ ਸਕਿਓਰਟੀ ਜੇਲ੍ਹ ਇਕ ਵਾਰ ਮੁੜ ਵਿਵਾਦਾਂ ਵਿਚ ਹੈ। ਹੁਣ ਇਸ ਜੇਲ੍ਹ ਦੀ ਨਵੀਂ ਖਬਰ ਸਾਹਮਣੇ ਆਈ ਹੈ। ਜੇਲ੍ਹ ’ਚ ਬੰਦ ਕੈਦੀਆਂ ਵੱਲੋਂ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਹੈ। ਕੋਤਵਾਲੀ ਪੁਲਿਸ ਨੇ ਹਵਾਲਾਤੀ ਅਮਨ ਕੁਮਾਰ ਤੇ ਕੈਦੀ ਸੁਨੀਲ ਕਾਲੜਾ ਨੂੰ ਗ੍ਰਿਫ਼ਤਾਰ ਕਰ ਕੇ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਹੈ। ਇਨ੍ਹਾਂ ਨੇ ਜੇਲ੍ਹ ’ਚ ਹੀ ਜਾਅਲੀ ਸਰਕਾਰੀ ਵੈੱਬਸਾਈਟ ਤਿਆਰ ਕਰ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੀ ਯੋਜਨਾ ਤਿਆਰ ਕੀਤੀ।
ਇਨ੍ਹਾਂ ਦੋਵਾਂ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਇਸ ਸੰਬੰਧੀ ਡੀ. ਐੱਸ. ਪੀ ਨਾਭਾ ਰਾਜੇਸ਼ ਛਿੱਬੜ ਨੇ ਕਿਹਾ ਕਿ ਮੈਕਸੀਮਮ ਸਕਿਓਰਿਟੀ ਜੇਲ੍ਹ ਵਿਚ ਬੰਦ ਹਵਾਲਾਤੀ ਅਤੇ ਕੈਦੀਆਂ ਵੱਲੋਂ ਭਾਰਤ ਸਰਕਾਰ ਦੇ ਨਾਮ ਦੀ ਵੈੱਬਸਾਈਟ ਤਿਆਰ ਕੀਤੀ ਹੋਈ ਸੀ ਅਤੇ ਭੋਲੇ-ਭਾਲੇ ਲੋਕਾਂ ਤੋਂ ਉਸ ਜਾਅਲੀ ਵੈੱਬਸਾਈਟ ਦੇ ਜ਼ਰੀਏ ਮੋਟੇ ਪੈਸੇ ਵਸੂਲੇ ਜਾ ਰਹੇ ਸਨ।
ਜਾਣਕਾਰੀ ਅਨੁਸਾਰ ਮੁਲਜ਼ਮ ਨੇ ਵੈੱਬਸਾਈਟ ਰਾਹੀਂ ਹੁਸ਼ਿਆਰਪੁਰ ਦੀ ਇਕ 20 ਸਾਲਾ ਲੜਕੀ ਨਾਲ ਸੰਪਰਕ ਕੀਤਾ। ਇੱਥੇ ਲੜਕੀ ਨੇ ਆਪਣੇ ਆਪ ਨੂੰ ਇੱਕ ਵੈਬਸਾਈਟ ਡਿਵੈਲਪਰ ਦੱਸਿਆ। ਮੁਲਜ਼ਮ ਉਸ ਲੜਕੀ ਨਾਲ ਗੱਲ ਕਰਨ ਲੱਗੇ। ਅਮਨ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਅਵਿਨਾਸ਼ ਸਿੰਘ ਖੱਤਰੀ ਦੱਸਿਆ, ਜਦੋਂਕਿ ਸੁਨੀਲ ਨੇ ਆਪਣੇ ਆਪ ਨੂੰ ਸੀਬੀਆਈ ਆਈਜੀਪੀ ਆਰਕੇ ਖੰਨਾ ਦੱਸਿਆ। ਦੋਵਾਂ ਨੇ ਉਸ ਲੜਕੀ ਨੂੰ ਐਸਡੀਆਰਐਫ ਦੀ ਵੈਬਸਾਈਟ ਬਣਾਉਣ ਲਈ ਕਿਹਾ।
ਜਦੋਂ ਠੱਗੀ ਬਾਰੇ ਪੁਲਿਸ ਨੂੰ ਪਤਾ ਲੱਗਾ ਤਾਂ ਇਨ੍ਹਾਂ ਨੂੰ ਜੇਲ੍ਹ ’ਚੋਂ ਪ੍ਰੋਡਕਸ਼ਨ ਵਾਰੰਟ ’ਤੇ ਹਿਰਾਸਤ ’ਚ ਲੈ ਲਿਆ ਗਿਆ। ਪੁਲਿਸ ਵੱਲੋਂ ਸੁਨੀਲ ਕਾਲੜਾ ਦੇ ਭਤੀਜੇ ਨੂੰ ਵੀ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।