ਕੋਰੋਨਾ ਮਹਾਂਮਾਰੀ ਦੌਰਾਨ ਲਗਾਏ ਲੌਕਡਾਊਨ ਕਾਰਨ ਵਪਾਰੀ ਵਰਗ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ।ਪਰ ਹੁਣ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਾਮ ਥੋਰੀ ਨੇ ਅੱਜ ਜ਼ਿਲ੍ਹੇ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਐਤਵਾਰ ਦੇ ਲੌਕਡਾਊਨ ਨੂੰ ਖਤਮ ਕਰ ਦਿੱਤਾ ਹੈ।ਦਫਤਰ ਜ਼ਿਲ੍ਹਾ ਮੈਜਿਸਟਰੇਟ ਜਲੰਧਰ (ਪੰਜਾਬ) ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ‘ਚ ਐਤਵਾਰ ਦਾ ਲੌਕਡਾਊਨ ਖਤਮ ਕਰਨ ਦੇ ਹੁਕਮ ਦਿੱਤੇ ਗਏ। ਇਹ ਹੁਕਮ 16 ਤੋਂ ਲੈ ਕੇ 25 ਜੂਨ ਤੱਕ ਲਾਗੂ ਰਹਿਣਗੇ।
ਉਨ੍ਹਾਂ ਵਲੋਂ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਨਤਾ ਕੋਵਿਡ ਪ੍ਰੋਟੋਕਾਲਜ਼ ਦੀ ਪਾਲਣਾ ਨੂੰ ਯਕੀਨੀ ਬਣਾਏ ਤਾਂ ਕਿ ਕੋਵਿਡ ਤੋਂ ਦੂਰ ਰਿਹਾ ਜਾ ਸਕੇ। ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਾਈਆਂ ਗਈਆਂ ਪਾਬੰਦੀਆਂ ਵਿਚ ਰਾਹਤ ਦਿੰਦਿਆਂ ਜ਼ਿਲ੍ਹਾ ਪੱਧਰ ’ਤੇ ਦੁਕਾਨਾਂ ਨੂੰ ਖੋਲ੍ਹਣ ਦੇ ਸਮੇਂ ਅਤੇ ਐਤਵਾਰ ਦੇ ਕਰਫਿਊ ਨੂੰ ਲੈ ਕੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਦਿੰਦਿਆਂ ਕਿਹਾ ਸੀ ਕਿ ਉਹ ਇਸ ਸਬੰਧੀ ਫੈਸਲਾ ਲੋਕਲ ਪੱਧਰ ’ਤੇ ਕੋਰੋਨਾ ਮਹਾਂਮਾਰੀ ਦੀ ਸਥਿਤੀ ਨੂੰ ਦੇਖਦਿਆਂ ਲੈ ਸਕਦੇ ਹਨ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੁਕਾਨਾਂ ਨੂੰ ਖੋਲ੍ਹਣ ਦੇ ਸਮੇਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਡਿਪਟੀ ਕਮਿਸ਼ਨਰ ਜਲੰਧਰ ਦੇ ਆਦੇਸ਼ਾਂ ਅਨੁਸਾਰ ਵਿਆਹ ਸਮਾਗਮਾਂ ਅਤੇ ਸੰਸਕਾਰ ‘ਚ 50 ਫੀਸਦੀ ਸਮਰੱਥਾ ਦੇ ਹਿਸਾਬ ਨਾਲ ਹੀ ਲੋਕ ਸ਼ਾਮਿਲ ਹੋ ਸਕਣਗੇ। ਇਸਤੋਂ ਇਲਾਵਾ ਸ਼ਰਾਬ ਦੇ ਅਹਾਤੇ ,ਬਾਰ ਬੰਦ ਰਹਿਣਗੇ।