ਚੰਡੀਗੜ੍ਹ ਦੀ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਹੋਈ ਸ਼ੁਰੂ, ਧਾਰਾ 144 ਲਾਗੂ

0
77

ਚੰਡੀਗੜ੍ਹ ਦੀ ਕਲੋਨੀ ਨੰਬਰ 4 ਨੂੰ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਅਤੇ ਨੇੜੇ ਦੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਕਾਲੋਨੀ ਨੰਬਰ 5 ਤੋਂ ਬਾਅਦ ਇਹ ਸਭ ਤੋਂ ਵੱਡੀ ਢਾਹੁਣ ਦੀ ਮੁਹਿੰਮ ਹੈ। ਭਾਰੀ ਵਿਰੋਧ ਪ੍ਰਦਰਸ਼ਨ ਦੀ ਸੰਭਾਵਨਾ ਨੂੰ ਦੇਖਦੇ ਹੋਏ ਕਰੀਬ 2,000 ਪੁਲਿਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟ੍ਰੇਟ ਕਾਰਵਾਈ ਲਈ ਤਾਇਨਾਤ ਕੀਤੇ ਗਏ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਖੇਤਰ ਦੇ 500 ਮੀਟਰ ਦੇ ਅੰਦਰ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਐਤਵਾਰ ਨੂੰ ਕਰੀਬ 40 ਸਾਲ ਪੁਰਾਣੀ ਕਲੋਨੀ ਨੰਬਰ-4 ਨੂੰ ਸਵੇਰੇ 5 ਵਜੇ ਤੋਂ ਖਾਲੀ ਕਰਵਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਸਨ। ਇਸ ਮੁਹਿੰਮ ਲਈ ਪ੍ਰਸ਼ਾਸਨ ਨੇ ਦੋ ਹਜ਼ਾਰ ਪੁਲੀਸ ਮੁਲਾਜ਼ਮ ਅਤੇ 10 ਕਾਰਜਕਾਰੀ ਮੈਜਿਸਟਰੇਟ ਤਾਇਨਾਤ ਕੀਤੇ ਹਨ। ਇਹ ਸਾਰੀ ਕਾਰਵਾਈ ਅਸਟੇਟ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ।

ਇਹ ਹੁਕਮ ਪੁਲਿਸ, ਪੈਰਾ ਮਿਲਟਰੀ ਜਾਂ ਮਿਲਟਰੀ ਅਤੇ ਸਰਕਾਰੀ ਕਰਮਚਾਰੀਆਂ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 1 ਮਈ ਦੀ ਅੱਧੀ ਰਾਤ 12 ਵਜੇ ਤੱਕ ਲਾਗੂ ਰਹੇਗਾ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਆਈਪੀਸੀ ਦੀ ਧਾਰਾ 188 ਅਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।

ਪ੍ਰਸ਼ਾਸਨ ਨੇ ਕਲੋਨੀ ਨੰਬਰ-4, ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਰਹਿੰਦੇ ਲੋਕਾਂ ਨੂੰ ਸ਼ਨੀਵਾਰ ਤੱਕ ਕਲੋਨੀ ਖਾਲੀ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਇਸ ਕਲੋਨੀ ਨੂੰ ਤੋੜਨ ਦੀ ਕਾਰਵਾਈ ਕੀਤੀ ਜਾਣੀ ਸੀ। ਇਸ ਸਬੰਧੀ ਕਲੋਨੀ ਨੰਬਰ-4 ਵਿੱਚ ਅਸਟੇਟ ਦਫ਼ਤਰ ਵੱਲੋਂ 15 ਫਰਵਰੀ ਨੂੰ ਨੋਟਿਸ ਵੀ ਚਿਪਕਾਏ ਗਏ ਸਨ। ਸ਼ਨੀਵਾਰ ਨੂੰ ਪ੍ਰਸ਼ਾਸਨ ਨੇ ਨਗਰ ਨਿਗਮ ਦੀਆਂ ਗੱਡੀਆਂ ਨੂੰ ਲੋਕਾਂ ਦਾ ਸਾਮਾਨ ਅਲਾਟ ਕੀਤੇ ਘਰਾਂ ਤੱਕ ਲਿਜਾਣ ਲਈ ਲਗਾਇਆ।

LEAVE A REPLY

Please enter your comment!
Please enter your name here