ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੀਆਂ ਡਿਊਟੀਆਂ ’ਚ ਗੈਰ-ਹਾਜ਼ਰ ਰਹਿਣ ਵਾਲੇ 92 ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੇ ਹੁਕਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪ੍ਰਸ਼ਾਸਨ ਵਲੋਂ ਜਿੱਥੇ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਜਾ ਰਹੇ ਹਨ, ਉੱਥੇ ਹੀ ਵਿਭਾਗ ਵਲੋਂ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹੇ ਦੇ 7800 ਦੇ ਕਰੀਬ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸਨ। ਇਨ੍ਹਾਂ ’ਚੋਂ ਹੁਣ ਤੱਕ 25 ਅਧਿਆਪਕ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ ਹਨ।
ਜਾਣਕਾਰੀ ਅਨੁਸਾਰ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੋਣ ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪ੍ਰਸ਼ਾਸਨ ਵਲੋਂ ਚੋਣ ਪ੍ਰਕਿਰਿਆ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਤਕਰੀਬਨ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ’ਚੋਂ ਸਭ ਤੋਂ ਜ਼ਿਆਦਾ ਜ਼ਿਲ੍ਹੇ ’ਚ 7800 ਦੇ ਕਰੀਬ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਸੀ, ਜਿਨ੍ਹਾਂ ’ਚੋ 25 ਦੇ ਕਰੀਬ ਅਧਿਆਪਕ ਡਿਊਟੀ ਤੋਂ ਗੈਰ-ਹਾਜ਼ਰ ਰਹੇ ਹਨ। ਪ੍ਰਸ਼ਾਸਨ ਵਲੋਂ ਇਨ੍ਹਾਂ ਅਧਿਆਪਕਾਂ ਦੇ 19 ਅਤੇ 20 ਫਰਵਰੀ ਦੀ ਤਨਖ਼ਾਹ ਰੋਕਣ ਦੇ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅਧਿਆਪਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਇਸ ਸਬੰਧ ’ਚ ਵਿਭਾਗ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਸਬੰਧਤ ਵਿਧਾਨ ਸਭਾ ਖੇਤਰਾਂ ’ਚ ਅਧਿਆਪਕਾਂ ਦੀਆਂ ਲਾਈਆਂ ਗਈਆਂ ਡਿਊਟੀ ਦੀਆਂ ਸੂਚੀਆਂ ਨੂੰ ਭੇਜਿਆ ਜਾ ਰਿਹਾ ਹੈ। ਹੁਣ ਤੱਕ ਜਿਹੜੀਆਂ ਸੂਚੀਆਂ ਪ੍ਰਾਪਤ ਹੋਈਆਂ ਹਨ ਉਨ੍ਹਾਂ ’ਚੋਂ 25 ਦੇ ਕਰੀਬ ਅਧਿਆਪਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਜੋ ਵੀ ਨਿਰਦੇਸ਼ ਅੱਗੇ ਦਿੱਤੇ ਜਾਣਗੇ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਇਕ ਪਾਸੇ ਵਿਧਾਨ ਸਭਾ ਚੋਣਾਂ ’ਚ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ’ਤੇ ਕਾਰਵਾਈ ਕਰ ਰਿਹਾ ਹੈ। ਦੂਜੇ ਪਾਸੇ ਵੀ.ਵੀ.ਆਈ.ਪੀ. ਦੇ ਰਿਸ਼ਤੇਦਾਰਾਂ ਵਲੋਂ ਡਿਊਟੀ ਲੱਗਣ ਤੋਂ ਬਾਅਦ ਆਪਣੀਆਂ ਡਿਊਟੀਆਂ ਜਾਂ ਕਟਵਾ ਲਈਆਂ ਗਈਆਂ ਹਨ। ਪ੍ਰਸ਼ਾਸਨ ਵਲੋਂ ਬਿਨਾਂ ਪਹੁੰਚ ਵਾਲੇ ਮੁਲਾਜ਼ਮਾਂ ਦੀਆਂ ਡਿਊਟੀ ਨਹੀਂ ਕੱਟੀਆਂ ਗਈਆਂ, ਜਦਕਿ ਵੀ. ਵੀ. ਆਈ. ਪੀ. ਦੇ ਰਿਸ਼ਤੇਦਾਰਾਂ ਦੀਆਂ ਡਿਊਟੀਆਂ ਕੱਟੀਆਂ ਗਈਆ ਹਨ। ਇੱਥੋਂ ਤੱਕ ਕਿ ਕਿਤੇ ਵੱਡੇ ਪ੍ਰਸਾਸ਼ਨਿਕ ਅਧਿਕਾਰੀਆਂ ਦੀਆਂ ਸਿਫਾਰਿਸ਼ਾਂ ’ਤੇ ਡਿਊਟੀਆਂ ਕੱਟੀਆਂ ਗਈਆਂ ਹਨ, ਜੇਕਰ ਚੋਣ ਕਮਿਸ਼ਨ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰੇ ਤਾਂ ਕਈ ਮੁਲਾਜ਼ਮ ਅਜਿਹੇ ਸਾਹਮਣੇ ਆਉਣਗੇ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਪਰ ਵੀ. ਵੀ. ਆਈ. ਪੀ ਦੇ ਦਖਲ ਤੋਂ ਬਾਅਦ ਉਨ੍ਹਾਂ ਦੀਆਂ ਡਿਊਟੀਆ ਕੱਟੀਆਂ ਹਨ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ ਅਤੇ ਤਨਖ਼ਾਹ ਰੋਕਣ ਦੇ ਹੁਕਮ ਦਿੱਤੇ ਗਏ ਹਨ। ਪ੍ਰਸ਼ਾਸਨ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦਾ ਪੱਖ ਜ਼ਰੂਰ ਸੁਣਨਾ ਚਾਹੀਦਾ ਹੈ, ਕਿਉਂਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਨੇ ਘੇਰ ਲਿਆ ਹੁੰਦਾ ਹੈ , ਜਿਸ ਕਾਰਨ ਉਹ ਡਿਊਟੀ ’ਤੇ ਨਹੀਂ ਪਹੁੰਚ ਪਾਉਂਦੇ । ਉਨ੍ਹਾਂ ਦੱਸਿਆ ਕਿ ਦੇਸ਼ ’ਚ ਚੋਣ ਡਿਊਟੀ ਹੈ ਤੇ ਮਰਦਸ਼ੁਮਾਰੀ ਸਮੇਂ ਦੌਰਾਨ ਸਾਰੇ ਮੁਲਾਜ਼ਮਾਂ ਦੀਆਂ ਡਿਊਟੀ ਲਾਈਆਂ ਜਾਂਦੀਆਂ ਹਨ ਤੇ ਮੁਲਾਜ਼ਮ ਵਰਗ ਪੂਰੀ ਲਗਨ ਤੇ ਮਿਹਨਤ ਨਾਲ ਆਪਣਾ ਕੰਮ ਕਰਦਾ ਹੈ, ਜਿਹੜਾ ਮੁਲਾਜ਼ਮ ਬਿਨਾਂ ਵਜ੍ਹਾ ਡਿਊਟੀ ਤੋਂ ਗੈਰ-ਹਾਜ਼ਰ ਰਹੇ ਹਨ, ਉਨ੍ਹਾਂ ’ਤੇ ਕਾਰਵਾਈ ਹੋਣੀ ਜ਼ਰੂਰੀ ਹੈ।
ਵਿਧਾਨ ਸਭਾ ਚੋਣਾਂ ’ਚ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਹੁਣ ਪ੍ਰਸ਼ਾਸਨ ਵਲੋਂ ਕੀਤੀ ਸਖ਼ਤੀ ਨੂੰ ਵੇਖ ਕੇ ਨੀਂਦਾਂ ਉੱਡ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਮੁਲਾਜ਼ਮਾਂ ਦੀ ਗੈਰ-ਹਾਜ਼ਰੀ ਦੀ ਸੂਚੀ ਹੋਰ ਲੰਮੀ ਹੋ ਸਕਦੀ ਹੈ ਤੇ ਪ੍ਰਸ਼ਾਸਨ ਜਲਦ ਇਸ ਸਬੰਧੀ ਕੋਈ ਕਾਰਵਾਈ ਕਰ ਸਕਦਾ ਹੈ।