ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ‘ਚ ਬਲੂਟੁੱਥ ਹੈੱਡਫੋਨ ਵਿੱਚ ਚਾਰਜਿੰਗ ਦੌਰਾਨ ਧਮਾਕਾ ਹੋਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ 28 ਸਾਲਾ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦਾ ਸੀ। ਇਹ ਹਾਦਸਾ ਚੌਮੂ ਕਸਬੇ ਦੇ ਉਦੈਪੁਰੀਆ ਪਿੰਡ ਵਿੱਚ ਵਾਪਰਿਆ।
ਰਾਕੇਸ਼ ਕੁਮਾਰ ਨਗਰ ਘਰ ਵਿੱਚ ਬਲੂਟੁੱਥ ਹੈੱਡਫੋਨ ਲਗਾ ਕੇ ਬੈਠਾ ਸੀ ਅਤੇ ਇਸਨੂੰ ਚਾਰਜਿੰਗ ਵਾਲੇ ਪਲੱਗ ਨਾਲ ਜੋੜਿਆ ਸੀ। ਗੋਵਿੰਦਗੜ੍ਹ ਪੁਲਿਸ ਅਨੁਸਾਰ ਅਚਾਨਕ ਹੈੱਡਫੋਨ ਵਿੱਚ ਧਮਾਕਾ ਹੋਇਆ ਅਤੇ ਨੌਜਵਾਨ ਬੇਹੋਸ਼ ਹੋ ਗਿਆ। ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਹਸਪਤਾਲ ਦੇ ਡਾਕਟਰ ਐਲਐਨ ਰੁੰਡਲਾ ਨੇ ਦੱਸਿਆ ਕਿ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲਿਆਂਦਾ ਗਿਆ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਡਾਕਟਰ ਦੇ ਅਨੁਸਾਰ, ਨੌਜਵਾਨ ਦੀ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਸਕਦੀ ਹੈ।