ਨਵੀਂ ਦਿੱਲੀ- ਅਫ਼ਗਾਨਿਸਤਾਨ ‘ਚ ਸਥਿਤੀ ਬਹੁਤ ਖਰਾਬ ਹੈ। ਤਾਲਿਬਾਨ ਵੱਲੋਂ ਇੱਥੇ ਕਬਜ਼ਾ ਕਰ ਲਿਆ ਗਿਆ ਹੈ। 15 ਅਗਸਤ ਵਾਲੇ ਦਿਨ ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਲੋਕ ਉੱਥੇ ਬਹੁਤ ਡਰੇ ਹੋਏ ਹਨ। ਕਈ ਲੋਕਾਂ ਦੀ ਉੱਥੇ ਮੌਤ ਹੋ ਗਈ ਹੈ। ਭਾਰਤੀ ਗ੍ਰਹਿ ਮੰਤਰਾਲਾ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਭਾਰਤ ਆਉਣ ਦੀ ਇੱਛਾ ਰੱਖਣ ਵਾਲੇ ਅਫ਼ਗਾਨ ਨਾਗਰਿਕਾਂ ਦੀਆਂ ਅਰਜ਼ੀਆਂ ’ਤੇ ਜਲਦ ਫ਼ੈਸਲਿਆਂ ਲਈ ਵੀਜ਼ੇ ਦੀ ਨਵੀਂ ਸ਼੍ਰੇਣੀ ਬਾਰੇ ਅੱਜ ਐਲਾਨ ਕੀਤਾ ਹੈ।
ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੱਤਾ ’ਤੇ ਕਬਜ਼ਾ ਜਮਾਉਣ ਦੇ 2 ਦਿਨ ਬਾਅਦ ਇਹ ਐਲਾਨ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਦੇ ਇਕ ਬੁਲਾਰੇ ਨੇ ਕਿਹਾ,‘‘ਗ੍ਰਹਿ ਮੰਤਰਾਲਾ ਨੇ ਅਫ਼ਗਾਨਿਸਤਾਨ ’ਚ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵੀਜ਼ਾ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਭਾਰਤ ’ਚ ਆਉਣ ਲਈ ਵੀਜ਼ਾ ਅਰਜ਼ੀਆਂ ’ਤੇ ਜਲਦ ਫ਼ੈਸਲਾ ਲੈਣ ਲਈ ‘ਈ-ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਨਵੀਂ ਸ਼੍ਰੇਣੀ ਬਣਾਈ ਗਈ ਹੈ।’’
ਹਜ਼ਾਰਾਂ ਅਫ਼ਗਾਨ ਨਾਗਰਿਕ ਸੋਮਵਾਰ ਨੂੰ ਕਾਬੁਲ ਦੇ ਮੁੱਖ ਹਵਾਈ ਅੱਡੇ ’ਤੇ ਇਕੱਠੇ ਹੋਏ ਅਤੇ ਉਨ੍ਹਾਂ ’ਚੋਂ ਕੁਝ ਤਾਲਿਬਾਨ ਤੋਂ ਬਚ ਕੇ ਦੌੜਨ ਲਈ ਇੰਨੇ ਪਰੇਸ਼ਾਨ ਸਨ ਕਿ ਉਹ ਮਿਲਟਰੀ ਜਹਾਜ਼ ’ਤੇ ਚੜ੍ਹ ਗਏ ਅਤੇ ਜਦੋਂ ਉਸ ਨੇ ਉਡਾਣ ਭਰੀ ਤਾਂ ਹੇਠਾਂ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਅਰਾਜਕਤਾ ਦੀ ਸਥਿਤੀ ’ਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ।