ਗੁਰੂ ਨਾਨਕ ਬਾਣੀ ’ਤੇ ਖੋਜ ਕਾਰਜ ਮੁਕੰਮਲ ਕਰਨ ਦੀ ਐਡਵੋਕੇਟ ਧਾਮੀ ਨੇ ਪ੍ਰੋ. ਕਲਿਆਣ ਸਿੰਘ ਨੂੰ ਦਿੱਤੀ ਵਧਾਈ

0
61

ਪਾਕਿਸਤਾਨ ’ਚ ਵੱਸਦੇ ਸਿੱਖ ਨੌਜੁਆਨ ਪ੍ਰੋਫੈਸਰ ਕਲਿਆਣ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਪੀਐਚਡੀ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਾਕਿਸਤਾਨ ’ਚ ਘੱਟਗਿਣਤੀ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਪ੍ਰਚਾਰ ਰਹੇ ਹਨ ਅਤੇ ਪ੍ਰੋਫੈਸਰ ਕਲਿਆਣ ਸਿੰਘ ਵੱਲੋਂ ਆਪਣੀ ਖੋਜ ਦਾ ਦਾਇਰਾ ਪਹਿਲੇ ਪਾਤਸ਼ਾਹ ਜੀ ਦੀ ਬਾਣੀ ’ਤੇ ਅਧਾਰਿਤ ਰੱਖਣਾ ਇਸੇ ਦਿਸ਼ਾ ਵਿਚ ਹੀ ਇਕ ਕਦਮ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿਸਤਾਨ ’ਚ ਸਥਿਤ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਰਾਹੀਂ ਪੂਰੀ ਮਨੁੱਖਤਾ ਨੂੰ ਦਿੱਤਾ ਗਿਆ ਸੱਚ ਦਾ ਸੰਦੇਸ਼ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਵੱਡੇ ਮਹੱਤਵ ਵਾਲਾ ਹੈ, ਜਿਸ ਦਾ ਪ੍ਰਚਾਰ ਪ੍ਰਸਾਰ ਅੱਜ ਦੀ ਵੱਡੀ ਲੋੜ ਹੈ। ਪ੍ਰੋਫੈਸਰ ਕਲਿਆਣ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ਵਿਚ ਦਿੱਤੇ ਸੰਦੇਸ਼ ਨੂੰ ਖੋਜ ਦਾ ਹਿੱਸਾ ਬਣਾ ਕੇ ਅਕਾਦਮਿਕ ਪੱਧਰ ’ਤੇ ਚੰਗਾ ਕਾਰਜ ਕੀਤਾ ਹੈ, ਜਿਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ ਸਿੱਖ ਨੌਜੁਆਨ ਦੇ ਉੱਦਮ ਤੋਂ ਨਿਰਸੰਦੇਹ ਹੋਰ ਨੌਜੁਆਨ ਵੀ ਪ੍ਰੇਰਣਾ ਪ੍ਰਾਪਤ ਕਰਨਗੇ।

LEAVE A REPLY

Please enter your comment!
Please enter your name here